ਫਾਜ਼ਿਲਕਾ: ਪੁਲਿਸ ਵਲੋਂ ਗੈਰ ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਇਸ ਤੋਂ ਉਲਟ ਜਲਾਲਾਬਾਦ ਸਬ ਡਿਵੀਜ਼ਨ 'ਚ ਰੇਤ ਮਾਫੀਆ(Sand mafia) ਪੂਰੀ ਤਰ੍ਹਾਂ ਸਰਗਰਮ ਹੈ। ਧੜਲੇ ਨਾਲ ਮਾਈਨਿੰਗ ਕਰਦਿਆਂ ਇਨ੍ਹਾਂ ਵਲੋਂ ਆਮ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਵੀ ਨਹੀਂ ਕੀਤੀ ਜਾਂਦੀ। ਅਜਿਹਾ ਮਾਮਲਾ ਜਲਾਲਾਬਾਦ ਦੇ ਪਿੰਡ ਕਾਹਨੇਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਰੇਤੇ ਦੀ ਭਰੀ ਟਰਾਲੀ ਲਿਜਾ ਰਹੇ ਟਰੈਕਟਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦੀ ਇਹ ਤਸਵੀਰ ਸੀਸੀਟੀਵੀ 'ਚ ਵੀ ਕੈਦ ਹੋ ਗਈ।
ਇਸ ਸਬੰਧੀ ਮ੍ਰਿਤਕ ਦੇ ਭਰਾ ਦਾ ਕਹਿਣਾ ਕਿ ਮਾਈਨਿੰਗ ਮਾਫੀਆ ਇਲਾਕੇ 'ਚ ਪੂਰੀ ਤਰ੍ਹਾਂ ਸਰਗਰਮ ਹੈ। ਉਸ ਦਾ ਕਹਿਣਾ ਕਿ ਤੇਜ਼ੀ ਨਾਲ ਵਾਹਨ ਪਿੰਡ 'ਚੋਂ ਗਿੁਜ਼ਰਦੇ ਹਨ, ਜਿਸ ਸਬੰਧੀ ਉਨ੍ਹਾਂ ਕਈ ਵਾਰ ਟਰੈਕਟਰ ਅਤੇ ਗੱਡੀਆਂ ਦੇ ਚਾਲਕਾਂ ਨੂੰ ਵਰਜਿਆ ਸੀ। ਉਸ ਦਾ ਕਹਿਣਾ ਕਿ ਜਦੋਂ ਉਸ ਦਾ ਭਰਾ ਆ ਰਿਹਾ ਸੀ ਤਾਂ ਟਰੈਕਟਰ ਚਾਲਕ ਵਲੋਂ ਉਸ ਨੂੰ ਟਰਾਲੀ ਹੇਠ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਦਾ ਕਹਿਣਾ ਕਿ ਟਰੈਕਟਰ ਚਾਲਕ ਦੀ ਉਨ੍ਹਾਂ ਵਲੋਂ ਪਛਾਣ ਕਰ ਲਈ ਗਈ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਦਾ ਕਹਿਣਾ ਉਨ੍ਹਾਂ ਵਲੋਂ ਕਈ ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ, ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਪ੍ਰਸ਼ਾਸਨ ਤੋਂ ਮੁੜ ਮੰਗ ਕੀਤੀ ਕਿ ਮਾਈਨਿੰਗ ਮਾਫੀਆ 'ਤੇ ਪੂਰਨ ਰੋਕ ਲਗਾਈ ਜਾਵੇ।
ਇਸ ਸਬੰਧੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਕਾਰਨ ਉਨ੍ਹਾਂ ਮੌਕੇ 'ਤੇ ਪਹੁੰਚ ਜਾਇਜ਼ਾ ਲਿਆ ਹੈ। ਪੁਲਿਸ ਦਾ ਕਹਿਣਾ ਕਿ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਮਾਨਸਾ ਰੇਲਵੇ ਸਟੇਸ਼ਨ ਤੋਂ ਸੈਂਕੜੇ ਕਿਸਾਨ ਦਿੱਲੀ ਲਈ ਹੋਏ ਰਵਾਨਾ