ਤਰਨਤਾਰਨ: ਜ਼ਿਲ੍ਹੇ ਦੇ ਥਾਣਾ ਸਦਰ ਪੱਟੀ ਅਧੀਨ ਪਿੰਡ ਘਰਿਆਲਾ ਵਿੱਚ ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਮਾਂ ਅਤੇ ਉਸ ਦੀ ਛੇ ਸਾਲਾ ਧੀ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਔਰਤ ਦਾ ਪਤੀ ਜ਼ਖ਼ਮੀ ਹੋ ਗਿਆ। ਟੱਕਰ ਐਨੀ ਭਿਆਨਕ ਸੀ ਕਿ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਕੋਲੋਂ ਮੌਤ ਦਾ ਮੰਜ਼ਰ ਵੇਖਿਆ ਨਹੀਂ ਸੀ ਜਾ ਰਿਹਾ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।
ਮੌਕੇ 'ਤੇ ਜ਼ਖ਼ਮੀ ਹੋਏ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਬਲਵੀਰ ਸਿੰਘ ਤੋਂ ਇੱਕ ਲੱਖ 70 ਹਜ਼ਾਰ ਰੁਪਏ ਲੈਣੇ ਹਨ, ਜਿਸ ਸਬੰਧੀ ਉਸ ਦਾ ਐਸਐਸਪੀ ਤਰਨਤਾਰਨ ਕੋਲ ਕੇਸ ਚੱਲ ਰਿਹਾ ਹੈ। ਮੰਗਲਵਾਰ ਨੂੰ ਐਸਐਸਪੀ ਨੇ ਉਨ੍ਹਾਂ ਨੂੰ ਕੇਸ ਦੇ ਸਬੰਧ ਵਿੱਚ ਬੁਲਾਇਆ ਸੀ, ਜਿਸ ਕਾਰਨ ਉਹ ਮੋਟਰਸਾਈਕਲ 'ਤੇ ਪਿੰਡ ਰਾਜੋਕੇ ਤੋਂ ਤਰਨਤਾਰਨ ਐਸਐਸਪੀ ਦਫ਼ਤਰ ਜਾ ਰਹੇ ਸਨ।
ਜਦੋਂ ਉਹ ਰਸਤੇ ਵਿੱਚ ਪਿੰਡ ਘਰਿਆਲਾ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਬਾਹਰ ਨਿਕਲੇ ਤਾਂ ਇਸ ਦੌਰਾਨ ਹੀ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਮੋਟਰਸਾਈਕਲ ਦੇ ਉਸ ਦੇ ਪਿੱਛੇ ਉਸਦੀ ਪਤਨੀ ਦਲਜੀਤ ਕੌਰ (28 ਸਾਲ) ਅਤੇ ਉਸਦੀ ਬੱਚੀ ਸੀਰਤਪ੍ਰੀਤ (6) ਸਾਲ ਟਰਾਲੇ ਅੱਗੇ ਡਿੱਗ ਗਈਆਂ ਅਤੇ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਹ ਸੜਕ ਦੇ ਦੂਜੇ ਪਾਸੇ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ।
ਪੀੜਤ ਹਰਬੰਸ ਸਿੰਘ ਨੇ ਖ਼ਦਸ਼ਾ ਪ੍ਰਗਟਾਇਆ ਕਿ ਇਹ ਹਾਦਸਾ ਬਲਵੀਰ ਸਿੰਘ ਨੇ ਕਰਵਾਇਆ ਹੋ ਸਕਦਾ ਹੈ ਕਿਉਂਕਿ ਉਸ ਨੇ ਪੈਸੇ ਲੈਣੇ ਹਨ। ਇੱਕ ਵਾਰ ਉਸ ਨੇ ਹਰਬੰਸ ਸਿੰਘ ਨੂੰ ਵੇਖ ਲੈਣ ਦੀ ਧਮਕੀ ਵੀ ਦਿੱਤੀ ਸੀ। ਉਸ ਨੇ ਮੰਗ ਕੀਤੀ ਕਿ ਕਥਿਤ ਦੋਸ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨਸਾਫ਼ ਦਿੱਤਾ ਜਾਵੇ।
ਮੌਕੇ 'ਤੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਵਿੱਚ ਮਾਂ-ਧੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਥਿਤ ਦੋਸ਼ੀ ਨੇ ਟਰੱਕ ਲੈ ਕੇ ਭੱਜਣ ਕੋਸ਼ਿਸ਼ ਕੀਤੀ, ਜਿਸ ਨੂੰ ਵਲਟੋਹਾ ਵਿਖੇ ਕਾਬੂ ਕਰ ਕੇ ਕੇਸ ਦਰਜ ਕਰਨ ਉਪਰੰਤ ਕਾਰਵਾਈ ਅਰੰਭ ਦਿੱਤੀ ਹੈ।