ਸ੍ਰੀ ਫ਼ਤਿਹਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਤਕਨਾਲੋਜੀ ਵਿਭਾਗ ਵਲੋਂ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਭਾਗ ਵੱਲੋਂ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਥੀਮ "ਫ਼ੂਡ ਸੇਫਟੀ ਐਂਡ ਸਿਕਿਓਰਟੀ ਪਬਲਿਕ ਹੈਲਥ ਕਨਸਰਨ" ਸੀ।
ਇਸ ਸੈਮੀਨਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਰਾਮ ਸਰੂਪ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਕਮਲਜੀਤ ਕੌਰ ਵਿਦਿਆਰਥੀਆਂ ਦੇ ਰੂਬਰੂ ਹੋਏ।
ਡਾ. ਰਾਮ ਸਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੈਨੈਟਿਕਲੀ ਮੌਡੀਫਾਇਡ ਫੂਡਸ ਦੇ ਨਫੇ-ਨੁਕਸਾਨਾਂ ਬਾਰੇ ਦੱਸਿਆ ਜਦ ਕਿ ਡਾ. ਕਮਲਜੀਤ ਕੌਰ ਨੇ ਅਨਾਜਾਂ ਅਧਾਰਿਤ ਖਾਧ ਪਦਾਰਥਾਂ ਦੇ ਬਦਲਦੇ ਪਰਿਪੇਖਾਂ ਬਾਰੇ ਗੱਲ ਕਰਦਿਆਂ ਮਲਟੀਗਰੇਨ ਅਤੇ ਗਲੂਟਨ ਮੁਕਤ ਖਾਧ ਪਦਾਰਥਾਂ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਇਸ ਮੌਕੇ ਵਿਦਿਆਰਥੀਆਂ ਦੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਜਿਵੇਂ ਪੋਸਟਰ ਮੇਕਿੰਗ, ਰੰਗੋਲੀ ਅਤੇ ਸਲੋਗਨ ਲੇਖਣ ਆਦਿ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।
ਸਾਰੇ ਪ੍ਰੋਗਰਾਮ ਦੌਰਾਨ ਫੂਡ ਪ੍ਰੋਸੈਸਿੰਗ ਤਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਲਾਈਆਂ ਗਈਆਂ ਫੂਡ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਪ੍ਰੈਸ ਕਲੱਬ ਦੇ ਮੈਂਬਰਾਂ ਵਲੋਂ ਵਿਸ਼ੇਸ਼ ਮਹਿਮਾਨਾਂ ਦੇ ਤੌਰ ਉੱਤੇ ਸ਼ਿਰਕਤ ਕੀਤੀ। ਉਨ੍ਹਾਂ ਦੁਆਰਾ ਵਿਸ਼ਵ ਭੋਜਨ ਦਿਵਸ ਸਬੰਧੀ ਪ੍ਰੋਗਰਾਮਾਂ ਅਤੇ ਵਿਦਿਆਰਥੀ ਪੇਸ਼ਕਾਰੀਆਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ।
ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਵਲੋਂ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਇਸ ਸਮਾਰੋਹ ਦੇ ਸਫ਼ਲ ਆਯੋਜਨ ਲਈ ਸਮੁੱਚੇ ਵਿਭਾਗ ਦੀ ਹੌਂਸਲਾ ਅਫ਼ਜਾਈ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਨੇ ਇਸ ਮੌਕੇ ਵਿਸ਼ਵ ਭੋਜਨ ਦਿਵਸ ਦੇ ਮਹੱਤਵ ਸਬੰਧੀ ਚਾਨਣਾ ਪਾਇਆ।