ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਗਲ ਕਰ ਰਹੀ ਹੈ ਪਰ ਇਹ ਦਾਅਵੇ ਉਦੋਂ ਖੋਖਲੇ ਨਜ਼ਰ ਆਏ ਜਦੋਂ ਇਕ ਮਹਿਲਾ ਨੇ ਬੱਚੀ ਨੂੰ ਚੱਲਦੀ ਕਾਰ ਵਿੱਚ ਜਨਮ ਦਿੱਤਾ। ਇਹ ਘਟਨਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਦੀ ਹੈ ਜਿਥੇ ਇਕ ਗਰਭਵਤੀ ਮਹਿਲਾ ਨੂੰ ਡਾਕਟਰ ਨੇ ਕੋਰੋਨਾ ਟੈਸਟ ਤੋਂ ਬਾਅਦ ਡਿਲੀਵਰੀ ਕਰਨ ਦੀ ਗਲ ਆਖੀ।
ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਦਰਦ ਹੋਣ 'ਤੇ ਜਦੋਂ ਗਰਭਵਤੀ ਮਹਿਲਾ ਹਸਪਤਾਲ ਗਈ ਤਾਂ ਮੌਕੇ 'ਤੇ ਮੌਜੂਦ ਡਾਕਟਰ ਵੱਲੋਂ ਉਸ ਦਾ ਕੋਰੋਨਾ ਟੈਸਟ ਕਰਨ ਤੋਂ ਬਾਅਦ ਹੀ ਡਿਲੀਵਰੀ ਕਰਨ ਦੀ ਗੱਲ ਕਹੀ ਜਿਸ ਕਰਕੇ ਨਿਰਾਸ਼ ਹੋ ਕੇ ਮਹਿਲਾ ਆਪਣੇ ਘਰ ਵਾਪਿਸ ਆ ਗਈ। ਡਿਲੀਵਰੀ ਦੀ ਪੀੜਾ ਦੁਬਾਰਾ ਹੋਣ 'ਤੇ ਉਸ ਨੇ ਆਪਣੇ ਪਤੀ ਸੁਨੀਲ ਨੂੰ ਜਾਣਕਾਰੀ ਦਿੱਤੀ ਜਿਸ ਨੇ ਆਪਣੇ ਮਾਲਕ ਦੇ ਨਾਲ ਆ ਕੇ ਮਹਿਲਾ ਨੂੰ ਗੱਡੀ ਵਿੱਚ ਬਿਠਾਇਆ।
ਉਹ ਜਦੋਂ ਸਿਵਲ ਹਸਪਤਾਲ ਫ਼ਤਹਿਗੜ ਸਾਹਿਬ ਡਿਲੀਵਰੀ ਲਈ ਜਾ ਰਹੇ ਸੀ ਤਾਂ ਸੰਤ ਨਾਮਦੇਵ ਰੋਡ 'ਤੇ ਹੀ ਮਹਿਲਾ ਨੇ ਚੱਲਦੀ ਕਾਰ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਹਤ ਸੇਵਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਡਾਕਟਰਾਂ ਤੇ ਸਟਾਫ਼ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਉਣ ਦੀ ਲੋੜ ਹੈ।
ਸਬੰਧੀ ਸਿਵਲ ਹਸਪਤਾਲ ਬੱਸੀ ਪਠਾਣਾ ਦੀ ਐਸਐਮਓ ਡਾ. ਨਿਰਮਲ ਕੌਰ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਮਰੀਜ਼ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ 'ਤੇ ਲਗਾਏ ਗਏ ਦੋਸ਼ਾਂ ਨੂੰ ਝੂਠ ਤੇ ਬੇਬੁਨਿਆਦ ਦੱਸਿਆ।