ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਅੱਜ ਲਗਭਗ ਤਿੰਨ ਦਹਾਕਿਆਂ ਦਾ ਸ਼ਾਨਦਾਰ ਪੈਂਡਾ ਹੰਢਾਂ ਚੁੱਕੇ ਹਨ ਗਾਇਕ ਜੱਸੀ ਸੋਹਲ, ਜਿੰਨ੍ਹਾਂ ਦੀ ਸਾਲਾਂ ਬਾਅਦ ਵੀ ਇਸ ਖਿੱਤੇ ਵਿੱਚ ਬਣੀ ਧਾਂਕ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਸਾਹਮਣੇ ਆਉਣ ਜਾ ਰਿਹਾ ਇੱਕ ਹੋਰ ਨਵਾਂ ਗਾਣਾ 'ਪਾਗਲਾ ਜਿਹਾ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
ਜੱਸੀ ਸੋਹਲ ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਡੀਜੇ ਸਪਾਡੈਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਪ੍ਰਭਾਵੀ ਸੰਗੀਤ ਪੱਧਰ ਅਧੀਨ ਸੰਯੋਜਿਤ ਕੀਤੇ ਗਏ ਇਸ ਗਾਣੇ ਦੇ ਬੋਲ ਮੌਨੇਵਾਲਾ ਨੇ ਰਚੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗਾਣਿਆਂ ਦੀ ਸਿਰਜਣਾ ਕਰ ਚੁੱਕੇ ਹਨ।
ਦੇਸੀ ਅਤੇ ਆਧੁਨਿਕ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ, ਜਿਸ ਦੀ ਨਿਰਦੇਸ਼ਨਾਂ ਸੰਤ ਸਿੰਘ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਅਮਨਜੋਤ ਕੌਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਦੁਆਰਾ ਜੱਸੀ ਸੋਹਲ ਨਾਲ ਖੂਬਸੂਰਤ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਰੁਮਾਂਟਿਕ ਤਾਣੇ ਬਾਣੇ ਅਤੇ ਮਨ ਨੂੰ ਛੂਹ ਲੈਣ ਵਾਲੇ ਸ਼ਬਦਾਂ ਅਧੀਨ ਬੁਣੇ ਗਏ ਇਸ ਸਦਾ ਬਹਾਰ ਗਾਣੇ ਦੇ ਸਿਰਜਨਾਤਮਕ ਕਰਤਾ ਆਈਕੋਨ ਮੀਡੀਆ ਹਨ, ਜਿੰਨ੍ਹਾਂ ਵੱਲੋਂ ਬਹੁਤ ਹੀ ਵੱਡੇ ਉਪਰ ਇਸ ਗਾਣੇ ਨੂੰ ਆਡਿਓ ਅਤੇ ਮਿਊਜ਼ਿਕ ਵੀਡੀਓ ਰੂਪ ਵਿੱਚ ਲਾਂਚ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਇਹ ਹੋਣਹਾਰ ਗਾਇਕ, ਜੋ ਬਤੌਰ ਅਦਾਕਾਰ ਵੀ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਲਈ ਯਤਨਸ਼ੀਲ ਹੋ ਚੁੱਕੇ ਹਨ, ਜਿੰਨ੍ਹਾਂ ਅਨੁਸਾਰ ਫਾਰਮੂਲਾ ਫਿਲਮਾਂ ਦੀ ਲੀਕ ਤੋਂ ਹੱਟਵੀਂ ਸਕ੍ਰਿਪਟ ਮਿਲਣ ਉਤੇ ਉਹ ਜ਼ਰੂਰ ਪੰਜਾਬੀ ਫਿਲਮ ਕਰਨਾ ਪਸੰਦ ਕਰਨਗੇ।
ਆਗਾਮੀ ਯੋਜਨਾਵਾਂ ਨੂੰ ਲੈ ਕੇ ਚਰਚਾ ਕਰਦਿਆਂ ਗਾਇਕ ਜੱਸੀ ਸੋਹਲ ਨੇ ਦੱਸਿਆ ਕਿ 09 ਫ਼ਰਵਰੀ ਨੂੰ ਰਿਲੀਜ਼ ਕੀਤੇ ਜਾ ਰਹੇ ਉਕਤ ਟ੍ਰੈਕ ਤੋਂ ਬਾਅਦ ਉਹ ਆਪਣੇ ਕੁਝ ਹੋਰ ਗਾਣੇ ਵੀ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ, ਜਿੰਨ੍ਹਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।
ਇਹ ਵੀ ਪੜ੍ਹੋ: