ਸ੍ਰੀ ਫ਼ਤਿਹਗੜ੍ਹ ਸਾਹਿਬ: ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਵਰਤੇ ਜਾ ਰਹੇ ਵੱਖੋ ਵੱਖ ਤਰੀਕਿਆਂ ਤੋਂ ਰੋਸ 'ਚ ਆਏ ਕਿਸਾਨਾਂ ਨੇ ਸਿੱਧਾ ਚੈਲੇਂਜ ਕਰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਪੰਗਾ ਲੈਣਾ ਹੈ ਤਾਂ ਸਿੱਧਾ ਲਵੇ। ਕਦੇ ਫੌਜ ਜਾਂ ਪੁਲਿਸ ਜਾਂ ਭਾਜਪਾ ਵਰਕਰਾਂ ਦਾ ਸਹਾਰਾ ਲੈ ਕੇ ਹੱਥਕੰਡੇ ਨਾ ਅਪਨਾਵੇ। ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਇੱਕ ਮੀਟਿੰਗ ਵੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਰੱਖੀ ਗਈ, ਜਿਸ 'ਚ 6 ਜਿਲ੍ਹਿਆਂ ਦੇ ਕਿਸਾਨਾਂ ਨੇ ਹਿੱਸਾ ਲਿਆ।
ਮੀਟਿੰਗ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਫੈਸਲਾ ਕੀਤਾ ਗਿਆ ਹੈ ਕਿ ਹਰ ਪਿੰਡ ਚੋਂ ਕਿਸਾਨ ਆਪਣੇ ਸਾਧਨਾਂ ਰਾਹੀਂ ਦਿੱਲੀ ਜਾਣਗੇ ਤੇ ਹਰੇਕ ਦਾ ਰਿਕਾਰਡ ਯੂਨੀਅਨ ਕੋਲ ਹੋਵੇਗਾ।
ਪੰਚਾਇਤਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਫੈਸਲਾ ਥੋਪ ਕੇ ਲੋਕਾਂ ਨੂੰ ਦਿੱਲੀ ਜਾਣ ਲਈ ਮਜ਼ਬੂਰ ਨਾ ਕੀਤਾ ਜਾਵੇ ਸਗੋਂ ਅੰਦੋਲਨ 'ਚ ਸਾਥ ਲਈ ਪ੍ਰੇਰਿਤ ਕੀਤਾ ਜਾਵੇ।