ਫਤਿਹਗੜ੍ਹ ਸਾਹਿਬ: ਕੁੱਝ ਦਿਨ ਪਹਿਲਾ ਸਰਹਿੰਦ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਬੇਟੀ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਸੀ ਤੇ ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮੋਨਿਕਾ ਦੇ ਤੌਰ 'ਤੇ ਹੋਈ ਹੈ। ਜਿਸਦਾ ਇਨਸਾਫ਼ ਲੈਣ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਸ.ਐਸ.ਪੀ ਦਫ਼ਤਰ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਧਰਨਾ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾ ਦੀ ਭੈਣ ਮੋਨਿਕਾ ਤੇ ਭਾਣਜੀ ਨੂੰ ਉਹਨਾਂ ਦੇ ਜੀਜੇ ਨੇ ਪੈਟਰੋਲ ਛਿੜਕੇ 8 ਅਪ੍ਰੈਲ ਨੂੰ ਅੱਗ ਲਗਾ ਦਿੱਤੀ ਸੀ। ਜਿਹਨਾਂ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਫਤਿਹਗੜ੍ਹ ਸਾਹਿਬ ਹਸਪਤਾਲ ਵਿਖੇ ਲਿਆਂਦਾ ਸੀ। ਜਿੱਥੇ ਦੋਨਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੋਰਾਨ ਮੋਨਿਕਾ ਨੇ ਦਮ ਤੋੜ ਦਿੱਤਾ।
ਮ੍ਰਿਤਕ ਦੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਬਰਨਾਲਾ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੀ ਭੈਣ ਦਾ ਕਰੀਬ 4 ਸਾਲ ਪਹਿਲਾਂ ਜਸਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸਰਹਿੰਦ ਜਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਵਿਆਹ ਹੋਈਆ ਸੀ, ਜਿਸ ਦੀ ਕਰੀਬ 10 ਮਹੀਨੇ ਦੀ ਇੱਕ ਬੇਟੀ ਨਿਸ਼ਾ ਹੈ। ਉਸ ਨੇ ਦੱਸਿਆ ਕਿ ਜਸਵਿੰਦਰ ਸਿੰਘ ਅਕਸਰ ਹੀ ਮੇਰੀ ਭੈਣ ਮੋਨਿਕਾ ਦੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ।
ਉਸ ਨੇ ਦੱਸਿਆ ਕਿ 8 ਅਪ੍ਰੈਲ ਨੂੰ ਜਸਵਿੰਦਰ ਸਿੰਘ ਨੇ ਮੇਰੀ ਭੈਣ ਮੋਨਿਕਾ ਅਤੇ ਉਸ ਦੀ ਛੋਟੀ ਬੱਚੀ ਨੂੰ ਅੱਗ ਲਗਾਕੇ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਅੱਜ ਇਲਾਜ ਅਧੀਨ ਮੇਰੀ ਭੈਣ ਦੀ ਮੌਤ ਹੋ ਗਈ ਹੈ ਜਿਸ ਦਾ ਇਨਸਾਫ ਲੈਣ ਲਈ ਅੱਜ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਫਤਹਿਗੜ੍ਹ ਸਾਹਿਬ ਅੱਗੇ ਧਰਨਾ ਲਗਾਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਅਫਸਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਥਾਣਾ ਸਰਹਿੰਦ ਵਿੱਚ ਮੋਨਿਕਾ ਦੇ ਪਤੀ ਜਸਵਿੰਦਰ ਸਿੰਘ ਉਰਫ ਬੰਟੀ ਦੇ ਖਿਲਾਫ਼ 307 ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਸ ਦੀ ਮੌਤ ਹੋਣ ਤੋਂ ਬਾਅਦ ਪੁਲਸ ਨੇ ਧਾਰਾ ਵਿੱਚ ਵਾਧਾ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:- 30 ਸਾਲਾਂ ਵਿੱਚ ਮਾਨਸਾ ’ਚ ਹੋਏ ਵਿਕਾਸ ਦਾ ਕੱਚ-ਸੱਚ ... ਵੇਖੋ ਇਸ ਖਾਸ ਰਿਪੋਟਰ ’ਚ