ਸ੍ਰੀ ਫ਼ਤਹਿਗੜ੍ਹ ਸਾਹਿਬ: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਸਮਰਪਿਤ ਫ਼ਤਿਹਗੜ੍ਹ ਸਾਹਿਬ ਵਿਖੇ ਸਲਾਨਾ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਹੋ ਚੁੱਕੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਤੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ (Shaheedi Jor Mel) ਮਹਾਨ ਸ਼ਹੀਦੀ ਨੂੰ ਸਮਰਪਿਤ ਫ਼ਤਿਹਗੜ੍ਹ ਸਾਹਿਬ ਵਿਖੇ ਅੱਜ ਤੋਂ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸ਼ਹੀਦਾ ਨੂੰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਫ਼ਤਿਹਗੜ੍ਹ ਸਾਹਿਬ ਪਹੁੰਚਦੀਆਂ ਹਨ।
ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਾਮ ਨਾਲ ਹੀ ਸਪਸ਼ਟ ਹੁੰਦਾ ਹੈ ਕਿ ਇਹ ਧਰਤੀ ਨੇ ਕਿਵੇਂ ਸੰਘਰਸ਼ ਕੀਤਾ, ਫਤਹਿ ਭਾਵ ਜਿੱਤ ਅਤੇ ਗੜ੍ਹ ਭਾਵ ਕਿਲ੍ਹਾ ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਜਿੱਤ ਹਾਸਿਲ ਕੀਤਾ ਹੋਇਆ ਕਿਲ੍ਹਾ। ਫ਼ਤਹਿਗੜ੍ਹ ਸ਼ਬਦ ਦੇ ਨਾਲ ਸਾਹਿਬ ਜੁੜਨ ਨਾਲ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਧਰਤੀ ਕਿੰਨੀ ਪਵਿੱਤਰ ਅਤੇ ਸਨਮਾਨਯੋਗ ਹੈ। ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਇਹ ਨਾਮ ਐਵੀਂ ਨਹੀਂ ਮਿਲਿਆ, ਬਲਕਿ ਇਸ ਨੂੰ ਹਾਸਿਲ ਕਰਨ ਲਈ 300 ਸਾਲਾਂ ਦਾ ਲੰਮਾ ਸੰਘਰਸ਼ ਕਰਨਾ ਪਿਆ ਹੈ।
ਪਹਿਲਾ ਸਰਹਿੰਦ ਦਾ ਸ਼ਾਹੀ ਕਿਲ੍ਹਾ,ਫੇਰ ਫ਼ਤਹਿਗੜ੍ਹ ਸਾਹਿਬ ਬਾਅਦ ਵਿਚ ਇਕ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਇਹ ਸਥਾਨ ਅੱਜ ਪੂਰਾ ਜਿਲ੍ਹਾ ਬਣ ਚੁੱਕਿਆ ਹੈ। ਇਸ ਧਰਤੀ ਦੀ ਮਹਾਨਤਾ ਇੱਥੇ ਬਣੇ ਗੁਰਦੁਆਰਾ ਸਾਹਿਬ ਅਤੇ ਹੋਰ ਧਰਾਮਿਕ ਸਥਾਨਾਂ ਨਾਲ ਹੋਰ ਵੀ ਵਧ ਜਾਂਦੀ ਹੈ। ਬਾਬਾ ਜੋਰਾਵਰ ਸਿੰਘ 9 ਸਾਲ,ਬਾਬਾ ਫਤਿਹ ਸਿੰਘ 7 ਸਾਲ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਤਿੰਨ ਦਿਨ ਸ਼ਹੀਦੀ ਸਭਾ ਹੁੰਦੀ ਹੈ। ਇਸ ਲਈ ਬਲਿਦਾਨ ਨਾਲ ਜੁੜੀ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਵਿਸ਼ਵ ਦੇ ਨਕਸ਼ੇ ਵਿੱਚ ਆਪਣੀ ਇਕ ਖਾਸ ਥਾਂ ਰੱਖਦੀ ਹੈ।
ਇਸ ਸਬੰਧੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦੱਸਦੇ ਹਨ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨੇ ਜਿੱਥੇ ਜਿੰਦਾਂ ਨੀਂਹਾ ਵਿੱਚ ਚਿਣਵਾਇਆ ਸੀ। ਉਸ ਸਥਾਨ ਉੱਤੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਸ਼ੋਸ਼ਭਿਤ ਹੈ। ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸੰਗਤ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਉਂਦੀ ਹੈ। ਇਨ੍ਹਾਂ ਦਿਨਾਂ ਵਿੱਚ ਸੰਗਤ ਦੇ ਭਾਰੀ ਇੱਕਠ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਤਰ੍ਹਾਂ ਦੀ ਕੁਰਬਾਨੀ ਨਾ ਕਿਸੇ ਨੇ ਦਿੱਤੀ ਹੈ, ਨਾ ਕੋਈ ਦੇ ਪਾਇਆ ਤੇ ਨਾ ਕੋਈ ਦੇ ਪਾਵੇਗਾ।
ਇਹ ਵੀ ਪੜ੍ਹੋ: ਨਿੱਕੀਆਂ ਜਿੰਦਾਂ ਵੱਡੇ ਸਾਕੇ: ਜਾਣੋ ਮਹਾਨ ਸ਼ਹਾਦਤਾਂ ਤੇ ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਦਾ ਇਤਿਹਾਸ