ਫ਼ਤਹਿਗੜ੍ਹ ਸਾਹਿਬ: ਫਰਨੇਸ਼ ਇਕਾਈਆਂ ਨੂੰ ਸਕਰੈਪ ਉਪਲਬਧ ਕਰਵਾਉਣ ਵਾਲੇ ਸਕਰੈਪ ਟਰੇਡਰਜ਼ ਦੀ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਆਇਰਨ ਸਕਰੈਪ ਟਰੇਡਰਜ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਨੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕੇੇਂਦਰ ਤੇ ਪ੍ਰਦੇਸ਼ ਜੀਐਸਟੀ ਵਿਭਾਗ ਦੇ ਤਾਨਾਸ਼ਾਹ ਰਵੱਈਏ ਤੋਂ ਤੰਗ ਆ ਕੇ 17 ਮਾਰਚ ਤੋਂ ਅਣਮਿਥੇ ਸਮੇਂ ਲਈ ਹੜਤਾਲ ਉੱਤੇ ਜਾਣ ਦਾ ਫੈਸਲਾ ਕੀਤਾ ਹੈ। ਜੇਕਰ ਸਕਰੈਪ ਟਰੇਡਰਜ਼ ਐਸੋਸੀਏਸ਼ਨ ਹੜਤਾਲ ਉੱਤੇ ਚੱਲੀ ਗਈ ਤਾਂ ਮੰਡੀ ਗੋਬਿੰਦਗੜ੍ਹ ਦੇ ਸਾਰੇ ਉਦਯੋਗ ਪ੍ਰਭਾਵਿਤ ਹੋਣਗੇ।
ਆਇਰਨ ਸਕਰੈਪ ਟਰੇਡਰਸ ਐਸੋਸਿਏਸ਼ਨ ਮੰਡੀ ਗੋਬਿੰਦਗੜ੍ਹ ਦੀ ਇੱਕ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾਸ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਇਰਨ ਸਕਰੈਪ ਟਰੇਡਰਜ਼ ਨੇ ਭਾਗ ਲਿਆ। ਐਸੋਸੀਏਸ਼ਨ ਨੇ ਇਸ ਮੌਕੇ ਕੇਂਦਰ ਅਤੇ ਪ੍ਰਦੇਸ਼ ਜੀਐਸਟੀ ਵਿਭਾਗ ਦੇ ਤਾਨਾਸ਼ਾਹੀ ਰਵੱਈਏ ਦੇ ਕਾਰਨ 17 ਮਾਰਚ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਜਾਣ ਦਾ ਫੈਸਲਾ ਕੀਤਾ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾਸ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਜੀਐਸਟੀ ਲਾਗੂ ਤਾਂ ਕਰ ਦਿੱਤੀ ਪਰ ਉਸ ਵਿੱਚ ਕਿੰਨੀਆਂ ਕੰਮੀਆਂ ਹਨ, ਇਹ ਸਰਕਾਰ ਨੂੰ ਆਪਣੇ ਆਪ ਹੀ ਨਹੀਂ ਪਤਾ।
ਇਨ੍ਹਾਂ ਕਮੀਆਂ ਨੂੰ ਕਾਰਨ ਸਕਰੈਪ ਟਰੇਡਰਜ਼ ਅਤੇ ਉਦਯੋਗਪਤੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋੇਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਉਨ੍ਹਾਂ ਨੂੰ ਨੋਟਿਸ ਭੇਜ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਸਾਡੀ ਕੋਈ ਸੁਣਵਾਈ ਵੀ ਨਹੀਂ ਕੀਤੀ ਜਾ ਰਹੀ।
ਇਸ ਲਈ ਸਾਰੇ ਸਕਰੈਪ ਵਪਾਰੀਆਂ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਜੀਐਸਟੀ . ਵਿਭਾਗ ਦੁਆਰਾ ਭੇਜੇ ਜਾ ਰਹੇ ਨੋਟਿਸਾਂ ਦਾ ਫੈਸਲਾ ਲੈਂਦੇ ਹੋਏ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ।