ਫ਼ਤਿਹਗੜ੍ਹ ਸਾਹਿਬ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਦੇ ਚੱਲਦਿਆਂ 26 ਜਨਵਰੀ ਨੂੰ ਟਰੈਕਟਰ ਮਾਰਚ ਮੌਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈਕੇ ਦਿੱਲੀ ਪੁਲਿਸ ਨੇ ਸਖ਼ਤੀ ਵਰਤੀ ਸੀ। ਇਸ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਬਾਬਾ ਸੁਖਦੇਵ ਸਿੰਘ ਦੀ ਗ੍ਰਿਫ਼ਤਾਰੀ 'ਤੇ ਪੰਜਾਹ ਹਜ਼ਾਰ ਦਾ ਇਨਾਮ ਰੱਖਿਆ ਗਿਆ ਸੀ। ਜਿਨ੍ਹਾਂ ਨੂੰ ਪੁਲਿਸ ਵਲੋਂ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਬਾ ਸੁਖਦੇਵ ਸਿੰਘ ਨੂੰ ਤਿਹਾੜ ਜੇਲ੍ਹ ਰੱਖਿਆ ਗਿਆ ਸੀ, ਜੋ ਪਿਛਲੇ ਦਿਨੀਂ ਹੀ ਰਿਹਾਅ ਹੋ ਕੇ ਆਏ।
ਸੁਖਦੇਵ ਸਿੰਘ ਦੇ ਰਿਹਾਅ ਹੋਣ ਤੋਂ ਬਾਅਦ ਅਮਲੋਹ ਪਹੁੰਚਣ 'ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜੂ ਖੰਨਾ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਪੂਰਾ ਸਿੱਖਰਾਂ 'ਤੇ ਹੈ, ਜਿਸ 'ਚ ਸਭ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਅੜੀਅਲ ਰਵੱਈਏ ਕਾਰਨ ਚਾਰ ਮਹੀਨੇ ਦੇ ਕਿਸਾਨੀ ਸੰਘਰਸ਼ 'ਚ 300 ਦੇ ਕਰੀਬ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਨ੍ਹਾਂ ਕਸੂਰ ਤੋਂ ਲੋਕਾਂ ਨੂੰ ਜੇਲ੍ਹਾਂ 'ਚ ਭੇਜਿਆ ਗਿਆ, ਪਰ ਕਿਸਾਨਾਂ ਦੀਆਂ ਦੁਆਵਾਂ ਨਾਲ ਸਭ ਚੜ੍ਹਦੀਕਲਾ 'ਚ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ 'ਚ ਯੋਗਦਾਨ ਪਾਉਂਦੇ ਰਹਿਣਗੇ।
ਇਹ ਵੀ ਪੜ੍ਹੋ:ਔਰਤਾਂ ਨੂੰ ਮੁਫਤ ਬੱਸ ਯਾਤਰਾ ਦੇਣ ਤੋਂ ਬਾਅਦ ਹਾਲਾਤ ਹੋਏ ਬਦ ਤੋਂ ਬਦਤਰ