ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ ਦੀ ਪੁਲਿਸ ਵਲੋਂ ਪਿੰਡ ਅਜਨਾਲੀ 'ਚ ਚਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਛਾਪਾ ਮਾਰ ਕੇ ਸੱਤ ਔਰਤਾਂ ਅਤੇ ਦੋ ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਸ ਸਬੰਧ ਵਿੱਚ ਥਾਣਾ ਮੰਡੀ ਗੋਬਿੰਦਗੜ ਵਿਖੇ ਡੀਐੱਸਪੀ ਸੁਖਵਿੰਦਰ ਸਿੰਘ ਵਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਅਜਨਾਲੀ 'ਚ ਰਹਿਣ ਵਾਲਾ ਪਟਿਆਲਾ ਦਾ ਇੱਕ ਨੌਜਵਾਨ ਕਾਫ਼ੀ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ। ਇੱਥੇ ਪੰਜਾਬ ਤੋਂ ਇਲਾਵਾ ਬਾਹਰੀ ਸੂਬਿਆਂ ਤੋਂ ਔਰਤਾਂ ਨੂੰ ਬੁਲਾਕੇ ਧੰਦਾ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗਸ਼ਤ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਉਕਤ ਨੌਜਵਾਨ ਜਸਪ੍ਰੀਤ ਸਿੰਘ ਸਮੇਤ ਸੱਤ ਔਰਤਾਂ ਅਤੇ ਦੋ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਔਰਤਾਂ ਹਿਮਾਚਲ ਪ੍ਰਦੇਸ਼, ਲੁਧਿਆਣਾ, ਰਾਜਪੁਰਾ, ਨਵੀਂ ਦਿੱਲੀ, ਮੰਡੀ ਗੋਬਿੰਦਗੜ ਅਤੇ ਪਟਿਆਲਾ ਦੀਆਂ ਰਹਿਣ ਵਾਲੀਆਂ ਹਨ।
ਇਸ ਦੇ ਨਾਲ ਹੀ ਪੁਲਿਸ ਵਲੋਂ ਜੂਏ ਦੇ ਅੱਡੇ 'ਤੇ ਛਾਪਾ ਮਾਰ ਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਪੁਲਿਸ ਨੂੰ ਪੈਸੇ ਵੀ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਕਿ ਦੋਵੇਂ ਮਾਮਲਿਆਂ 'ਚ ਪੁੱਛਗਿਛ ਕੀਤੀ ਜਾ ਰਹੀ ਹੈ।