ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ 27 ਕਰੋੜ ਦੀ ਲਾਗਤ ਨਾਲ ਦਿੱਲੀ ਕੌਮੀ ਹਾਈਵੇ 'ਤੇ ਪੈਂਦੇ ਪਿੰਡ ਅੰਬੇ ਮਾਜਰਾ ਵਿਖੇ ਓਵਰਬ੍ਰਿਜ ਬਣਾਇਆ ਜਾਵੇਗਾ, ਜਿਸ ਦਾ ਜਾਇਜ਼ਾ ਲੈਣ ਲਈ ਸਾਂਸਦ ਡਾ. ਅਮਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਅਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵੀ ਮੌਜੂਦ ਰਹੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦਾ ਪੰਜਾਬ ਦੀ ਅਰਥਵਿਵਸਥਾ ਵਿੱਚ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਪਿੰਡ ਅੰਬੇ ਮਾਜਰਾ ਕਰਾਸਿੰਗ ਓਵਰਬ੍ਰਿਜ ਨਾ ਹੋਣ ਕਾਰਨ ਇੱਥੇ ਮਿੱਲਾਂ ਵਿੱਚ ਆਉਣ ਵਾਲੇ ਟਰੱਕ ਅਤੇ ਟਰਾਲਿਆਂ ਦੇ ਕਾਰਨ ਲੰਮਾ ਜਾਮ ਲੱਗਿਆ ਰਹਿੰਦਾ ਸੀ ਅਤੇ ਕਈ ਵਾਰ ਵੱਡੇ ਸੜਕੀ ਹਾਦਸੇ ਵੀ ਹੋ ਜਾਂਦੇ ਹਨ ਪਰ ਓਵਰਬ੍ਰਿਜ ਬਣਨ ਤੋਂ ਬਾਅਦ ਇਹ ਸਮੱਸਿਆ ਜੜ੍ਹੋਂ ਖ਼ਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਲੋਕਾਂ ਦੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਥੇ ਓਵਰਬ੍ਰਿਜ ਬਣਾਇਆ ਜਾਵੇ, ਜੋ ਕਿ ਹੁਣ ਜਲਦ ਹੀ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ 27 ਕਰੋੜ ਦੀ ਲਾਗਤ ਵਾਲਾ ਓਵਰਬ੍ਰਿਜ ਲਗਭਗ ਦੋ ਸਾਲਾਂ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਇੱਥੋਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ।
ਕੌਮੀ ਹਾਈਵੇਅ ਅਥਾਰਿਟੀ ਦੇ ਅਧਿਕਾਰੀ ਨੇ ਕਿਹਾ ਕਿ ਓਵਰਬ੍ਰਿਜ ਸਬੰਧੀ ਟੈਂਡਰ ਫ਼ਾਈਨਲ ਕੀਤੇ ਜਾ ਰਹੇ ਹਨ, ਜੋ ਜਨਵਰੀ ਤੱਕ ਹੋ ਜਾਣਗੇ। ਉਸ ਤੋਂ ਬਾਅਦ ਇੱਕ-ਦੋ ਮਹੀਨੇ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਓਵਰਬ੍ਰਿਜ ਲਗਭਗ ਇੱਕ ਕਿਲੋਮੀਟਰ ਲੰਮਾ ਹੋਵੇਗਾ।
ਓਵਰਬ੍ਰਿਜ ਬਾਰੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਵੀ ਕਿਹਾ ਕਿ ਇਸ ਨਾਲ ਮੰਡੀ ਗੋਬਿੰਦਗੜ੍ਹ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਪੂਰਨ ਤੌਰ 'ਤੇ ਹੱਲ ਹੋ ਜਾਵੇਗਾ।