ਫ਼ਤਹਿਗੜ੍ਹ ਸਾਹਿਬ: ਦੇਸ਼ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਦੇਸ਼ ਵਿੱਚ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ, ਉਥੇ ਹੀ ਕਈ ਰਾਜਾਂ ਵਿੱਚ ਲੌਕਡਾਊਨ ਵੀ ਲੱਗਿਆ ਹੈ। ਕਈ ਥਾਵਾਂ 'ਤੇ ਲੌਕਡਾਊਨ ਲੱਗਣ ਕਾਰਨ ਉਦਯੋਗ ਆਰਥਿਕ ਮਾਰ ਝੱਲ ਰਹੇ ਹਨ, ਜਿਸ ਕਾਰਨ ਪਰਵਾਸੀ ਮਜ਼ਦੂਰ ਨੇ ਮੁੜ ਇੱਕ ਵਾਰੀ ਆਪਣੇ ਸੂਬਿਆਂ ਵਿੱਚ ਪਰਤਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਕੋਵਿਡ ਨੂੰ ਲੈ ਕੇ ਮੌਜੂਦਾ ਹਾਲਾਤ ਕੀ ਹਨ? ਇਸ ਬਾਰੇ ਈਟੀਵੀ ਭਾਰਤ ਵੱਲੋਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਰਤਣ ਨੂੰ ਲੈ ਕੇ ਮਜਦੂਰ ਆਗੂ ਅਤੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਗਈ।
ਮਜ਼ਦੂਰ ਨਹੀਂ ਜਾ ਰਹੇ ਘਰਾਂ ਨੂੰ
ਮਜ਼ਦੂਰ ਨੇਤਾ ਰਾਮ ਕੇਵਲ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਲੌਕਡਾਊਨ ਵਰਗੀ ਕੋਈ ਸਥਿਤੀ ਨਹੀਂ ਹੈ। ਜੇਕਰ ਮੰਡੀ ਗੋਬਿੰਦਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇੰਡਸਟਰੀ ਚੱਲ ਰਹੀ ਹੈ ਅਤੇ ਮਜ਼ਦੂਰ ਆਪਣੇ ਕੰਮਾਂ 'ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮਜ਼ਦੂਰ ਜ਼ਰੂਰ ਆਪਣੇ ਘਰਾਂ ਨੂੰ ਗਏ ਸੀ ਪਰ ਦੁਬਾਰਾ ਕੰਮ ਸ਼ੁਰੂ ਹੋਣ ਤੋਂ ਬਾਅਦ ਉਹ ਫਿਰ ਮੰਡੀ ਗੋਬਿੰਦਗੜ੍ਹ ਵਿੱਚ ਆਪਣੇ ਕੰਮਾਂ 'ਤੇ ਪਰਤ ਆਏ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੋਈ ਵੀ ਮਜ਼ਦੂਰ ਆਪਣੇ ਘਰ ਨੂੰ ਨਹੀਂ ਜਾ ਰਿਹਾ ਕਿਉਂਕਿ ਇੱਥੇ ਉਨ੍ਹਾਂ ਦਾ ਕੰਮ ਚੱਲ ਰਿਹਾ ਹੈ। ਨਾਲ ਹੀ ਪੰਜਾਬ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ ਜਿਸ ਕਰਕੇ ਹੁਣ ਪਰਵਾਸੀ ਮਜ਼ਦੂਰ ਹੋਰ ਵੀ ਪੰਜਾਬ ਵੱਲ ਆ ਰਹੇ ਹਨ।
ਉਧਰ, ਉਦਯੋਗਪਤੀ ਅਮਿਤ ਗੰਭੀਰ ਨੇ ਕਿਹਾ ਕਿ ਜਦੋਂ ਪਹਿਲਾਂ ਲੌਕਡਾਊਨ ਲੱਗਿਆ ਸੀ ਤਾਂ ਮਜ਼ਦੂਰ ਇੱਕ ਵਾਰ ਜ਼ਰੂਰ ਆਪਣੇ ਘਰਾਂ ਨੂੰ ਚਲੇ ਗਏ ਸਨ ਪਰ ਹੁਣ ਮਜ਼ਦੂਰ ਫਿਰ ਵਾਪਸ ਮੰਡੀ ਗੋਬਿੰਦਗੜ੍ਹ ਵਿੱਚ ਕੰਮਾਂ 'ਤੇ ਆ ਗਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮਜ਼ਦੂਰ ਕੰਮ ਕਰ ਰਹੇ ਹਨ ਤਾਂ ਹੀ ਇੰਡਸਟਰੀ ਚੱਲ ਰਹੀ ਹੈ। ਇਸ ਕਰਕੇ ਮਜ਼ਦੂਰ ਨਹੀਂ ਜਾ ਰਹੇ। ਜੇਕਰ ਲੌਕਡਾਊਨ ਲੱਗਦਾ ਹੈ ਤਾਂ ਉਨ੍ਹਾਂ ਵੱਲੋਂ ਮਜ਼ਦੂਰਾਂ ਲਈ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ।