ਫਤਹਿਗੜ੍ਹ ਸਾਹਿਬ : ਪੰਜਾਬ ਵਿੱਚ ਬਿਜਲੀ ਕੱਟਾਂ ਦੇ ਕਾਰਨ ਜਿਥੇ ਆਮ ਜਨਤਾ ਪ੍ਰੇਸ਼ਾਨ ਹੈ ਉਥੇ ਹੀ ਇਸ ਦਾ ਅਸਰ ਇੰਡਸਟਰੀ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਘਾਟ ਕਾਰਨ ਇੰਡਸਟਰੀ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਤੋਂ ਬਾਅਦ ਇੰਡਸਟਰੀ ਤਕਰੀਬਨ ਸੱਤ ਦਿਨ ਤੋਂ ਬੰਦ ਹੈ। ਪੰਜਾਬ ਵਿੱਚ ਇੰਡਸਟਰੀ ਨੂੰ ਬੰਦ ਰੱਖਣ ਦੇ ਨਾਲ ਕਿਹੜੀਆਂ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਉਦਯੋਗਪਤੀਆਂ ਨੂੰ ਕਰਨਾ ਪੈ ਰਿਹਾ ਹੈ ਇਸ ਦੇ ਸਬੰਧ ਵਿੱਚ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਤੌਰ 'ਤੇ ਉਦਯੋਗਪਤੀ ਅਤੇ ਨਾਲ ਗੱਲਬਾਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਉਦਯੋਗਪਤੀ ਹੇਮੰਤ ਗੁਪਤਾ ਨੇ ਕਿਹਾ ਕਿ ਬਿਜਲੀ ਦੀ ਘੱਟ ਹੋਣ ਦੇ ਕਾਰਨ ਇੰਡਸਟਰੀ ਬੰਦ ਹੈ ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉਥੇ ਹੀ ਮਿੱਲਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਵੀ ਇਸ ਦਾ ਸਾਹਮਣਾ ਕਰਨਾ ਪੈ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਆਏ ਦਿਨ ਲੱਗ ਰਹੇ ਬਿਜਲੀ ਕੱਟਾਂ ਦੇ ਕਾਰਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਉਦਯੋਗ ਕਾਰੋਬਾਰ ਦੇ ਵਿੱਚ ਪਛੜਦਾ ਜਾ ਰਿਹਾ ਹੈ। ਉਥੇ ਹੀ ਪੰਜਾਬ ਸਰਕਾਰ ਨੂੰ ਵੀ ਟੈਕਸ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਵੱਧ ਹਨ ਅਤੇ ਉਨ੍ਹਾਂ ਨੂੰ ਕੁਝ ਰਾਹਤ ਵੀ ਨਹੀਂ ਮਿਲ ਰਹੀ। ਜਿਸ ਕਾਰਨ ਇੱਥੇ ਤੋਂ ਇੰਡਸਟਰੀ ਬਾਹਰਲੇ ਰਾਜਾਂ ਨੂੰ ਜਾ ਰਹੀ ਹੈ।
ਉੱਥੇ ਹੀ ਗੱਲਬਾਤ ਕਰਦੇ ਹੋਏ ਉਦਯੋਗਪਤੀ ਰਾਕੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਵੱਧ ਰੇਟ 'ਤੇ ਬਿਜਲੀ ਮਿਲ ਰਹੀ ਹੈ ਜਦੋਂ ਕਿ ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਪੰਜ ਰੁਪਏ ਯੂਨਿਟ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਵੀ ਉਹ ਅੱਠ ਰੁਪਏ ਪ੍ਰਤੀ ਯੂਨਿਟ ਪੈਸੇ ਦੇ ਰਹੇ ਹਨ। ਜੇਕਰ 5 ਰੁਪਏ ਯੂਨਿਟ ਮਿਲਦੀ ਹੈ ਤਾਂ ਬਾਕੀ ਦਾ ਪੈਸਾ ਕਿੱਥੇ ਜਾ ਰਿਹਾ ਹੈ। ਬਿਜਲੀ ਕੱਟਾਂ ਤੇ ਕਿੱਲਤ ਦੇ ਕਾਰਨ ਅੱਜ ਉਨ੍ਹਾਂ ਨੂੰ ਉਦਯੋਗ ਬੰਦ ਕਰਨਾ ਪੇ ਰਿਹਾ ਹੈ ਜਿਸਦੇ ਕਾਰਨ ਮਿੱਲਾਂ ਵਿੱਚ ਕੰਮ ਕਰਨ ਵਾਲੇ ਵੀ ਕੰਮ ਦੀ ਘਾਟ ਕਾਰਨ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ:ਔਰਤ, 354 ਕਿੱਲੋ ਚਿੱਟਾ ਤੇ ਪੰਜਾਬ ਕੁਨੈਕਸ਼ਨ
ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਨੂੰ ਸਰਪਲੱਸ ਕੀਤਾ ਜਾਵੇ। ਉਦਯੋਗਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਬਿਜਲੀ ਨੀਤੀਆਂ ਨੂੰ ਸੋਧ ਕਰਕੇ ਚੰਗੇ ਤਰੀਕੇ ਨਾਲ ਲਾਗੂ ਕਰਨਾ ਚਾਹੀਦਾ ਹੈ ਜਿਸ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗਡ਼੍ਹ ਦੇ ਨਾਮ ਨੂੰ ਬਚਾਇਆ ਜਾ ਸਕੇ।