ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 40 ਦਿਨਾਂ ਤੱਕ ਬੰਦ ਰਹੀ ਸੀ, ਜਿਸ ਕਰਕੇ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਆਪਣੇ-ਆਪਣੇ ਘਰਾਂ ਨੂੰ ਪਰਤ ਗਏ। ਇਸ ਦੇ ਨਾਲ ਹੀ ਤਾਲਾਬੰਦੀ ਦੌਰਾਨ ਉਦਯੋਗਪਤੀਆਂ ਦਾ ਕੰਮ ਵੀ ਕਾਫ਼ੀ ਪ੍ਰਭਾਵਿਤ ਹੋਇਆ ਕਿਉਂਕਿ ਜਦੋਂ ਉਦਯੋਗ ਬੰਦ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਨੂੰ ਬਿਜਲੀ ਦੇ ਘੱਟੋ-ਘੱਟ ਖਰਚੇ ਉਸੇ ਤਰ੍ਹਾਂ ਪੈ ਰਹੇ ਸਨ।
ਹੁਣ ਸਰਕਾਰ ਵੱਲੋਂ ਦਿੱਤੀਆਂ ਰਿਆਇਤਾਂ ਤੋਂ ਬਾਅਦ ਜਦੋਂ ਮੁੜ ਇੰਡਸਟਰੀ ਖੋਲ੍ਹੀ ਗਈ ਤਾਂ ਕੰਮ ਥੋੜਾ-ਥੋੜਾ ਲੀਹਾਂ 'ਤੇ ਆਉਣਾ ਸ਼ੁਰੂ ਹੋਇਆ ਹੈ। ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਬਿਜਲੀ ਵਿਭਾਗ ਦੇ ਜੇਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਤਾਲਾਬੰਦੀ ਕਰਕੇ ਇੰਡਸਟਰੀ ਬੰਦ ਸੀ, ਉਦੋਂ ਕਿੰਨੀ ਖਪਤ ਹੋਈ ਸੀ ਤੇ ਹੁਣ ਕਿੰਨੀ ਖ਼ਪਤ ਹੋ ਰਹੀ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਤਾਂ ਜੇਈ ਨਰਿੰਦਰ ਸਿੰਘ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ 100 ਫ਼ੀਸਦੀ ਬਿਜਲੀ ਵਿਭਾਗ 'ਤੇ ਉਦਯੋਗਾਂ ਦਾ ਲੋਡ ਰਿਹਾ ਹੈ ਪਰ ਜਿਵੇਂ ਹੀ ਕੋਰੋਨਾ ਮਹਾਂਮਾਰੀ ਦੌਰਾਨ ਲੌਕਡਾਊਨ ਲੱਗਿਆ ਤਾਂ ਇੰਡਸਟਰੀ ਦਾ ਲੋਡ ਬਹੁਤ ਹੀ ਘੱਟ ਗਿਆ।
ਇਸੇ ਤਰ੍ਹਾਂ ਹੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਇੰਡਸਟਰੀ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਉਸ ਸਮੇਂ ਇੰਡਸਟਰੀ 'ਤੇ ਲੋਡ 50 ਫ਼ੀਸਦੀ ਰਿਹਾ। ਇਸ ਦਾ ਵੱਡਾ ਕਾਰਨ ਇਹ ਸੀ ਕਿ ਲੇਬਰ ਆਪਣੇ ਘਰਾਂ ਨੂੰ ਪਰਤ ਗਈ ਸੀ। ਇਸ ਤੋਂ ਬਾਅਦ ਜਦੋਂ ਲੇਬਰ ਹੌਲੀ-ਹੌਲੀ ਆਉਣ ਲੱਗ ਗਈ ਤਾਂ ਇੰਡਸਟਰੀ 50 ਤੋਂ 60 ਫਿਰ 70 ਅਤੇ ਹੁਣ 95 ਫ਼ੀਸਦੀ ਬਿਜਲੀ ਦੀ ਖਪਤ ਹੋ ਰਹੀ ਹੈ। ਅੱਗੇ-ਅੱਗੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇੰਡਸਟਰੀ ਮੁੜ ਲੀਹਾਂ 'ਤੇ ਆ ਰਹੀ ਹੈ ਤੇ 100 ਫ਼ੀਸਦੀ ਲੋਡ 'ਤੇ ਚੱਲੇਗੀ।
ਇੱਥੇ ਤੁਹਾਨੂੰ ਦੱਸ ਦਈਏ, ਕਿ ਮੰਡੀ ਗੋਬਿੰਦਗੜ੍ਹ ਵਿੱਚ ਕਰੀਬ 900 ਛੋਟੀਆਂ ਤੇ ਵੱਡੀਆਂ ਉਦਯੋਗਿਕ ਇਕਾਈਆਂ ਹਨ। ਤਾਲਾਬੰਦੀ ਦੌਰਾਨ ਵੱਡੀ ਗਿਣਤੀ ਵਿੱਚ ਛੋਟੀਆਂ ਉਦਯੋਗਿਕ ਇਕਾਈਆਂ ਬੰਦ ਹੋਣ ਦੀ ਕਗਾਰ 'ਤੇ ਹਨ ਤੇ ਕੁਝ ਬੰਦ ਵੀ ਹੋ ਗਈਆਂ ਹਨ।