ਫ਼ਤਹਿਗੜ੍ਹ ਸਾਹਿਬ: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰਾ ਕਪੂਰਗੜ੍ਹ ਸਾਹਿਬ(Gurdwara Sri Kapurgarh Sahib) ਵਿਖੇ ਜਿੱਥੇ ਹੱਥ ਲਿਖਤ ਦਸ਼ਮ ਗ੍ਰੰਥ ਸਾਹਿਬ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਤੇ ਕਈ ਸਸ਼ਤਰ ਵੀ ਮੌਜੂਦ ਹਨ। ਜਾਣਕਾਰ ਦੱਸਦੇ ਹਨ ਕਿ ਇਹ ਨਿਸ਼ਾਨੀਆਂ ਤੇ ਸਸ਼ਤਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਨਾਥਾ ਸਿੰਘ ਨੂੰ ਭੇਂਟ ਕੀਤੇ ਸਨ।
ਇਤਿਹਾਸਕ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਅਨੇਕਾ ਹੀ ਇਤਿਹਾਸਿਕ ਸਥਾਨ ਅਤੇ ਨਿਸ਼ਾਨੀਆਂ ਮੌਜੂਦ ਹਨ। ਜੋ ਗਵਾਹੀ ਦਿੰਦਿਆਂ ਹਨ ਮਹਾਨ ਗਾਥਾਵਾਂ ਦੀਆਂ ਜੋ ਇਸ ਧਰਤੀ ਤੇ ਹੋਈਆ ਹਨ। ਉਥੇ ਹੀ ਇਸ ਧਰਤੀ 'ਤੇ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੇ ਧਰਮ ਦੀ ਖ਼ਾਤਰ ਸ਼ਹਾਦਤ ਦਿੱਤੀ। ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦੀ ਸਭਾ ਭਰਦੀ ਹੈ
ਗੁਰਦੁਆਰਾ ਕਪੂਰਗੜ੍ਹ ਦਾ ਇਤਿਹਾਸ: ਫ਼ਤਹਿਗੜ੍ਹ ਸਾਹਿਬ ਦੇ ਇੱਕ ਪਿੰਡ ਕਪੂਰਗੜ੍ਹ ਦਾ ਇਤਿਹਾਸ ਖਾਸ ਸਥਾਨ ਰੱਖਦਾ ਹੈ। ਜਿੱਥੇ ਸਥਿਤ ਗੁਰਦੁਆਰਾ ਸਾਹਿਬ ਵਿਚ ਅੱਜ ਵੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਅਤੇ ਸਸ਼ਤਰ ਸਮੇਤ ਹੱਥ ਲਿਖਤ ਦਸ਼ਮ ਗ੍ਰੰਥ ਵੀ ਮੌਜੂਦ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਜੀਤ ਸਿੰਘ ਦੱਸਦੇ ਹਨ ਕਿ ਪਿੰਡ ਕਪੂਰਗੜ੍ਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਸਥਾਨ ਉਤੇ ਛੇਵੀਂ ਪਾਤਸ਼ਾਹੀ ਪਹੁੰਚੇ ਸਨ। ਉਨ੍ਹਾਂ ਤੋਂ ਬਾਅਦ ਬਾਬਾ ਨਾਥਾ ਸਿੰਘ ਜੀ ਇੱਥੇ ਪਹੁੰਚੇ। ਬਾਬਾ ਨਾਥਾ ਸਿੰਘ ਜੋ ਗੁਰੂ ਸਾਹਿਬ ਦੇ ਨਗਾਰਚੀ ਸਿੰਘ ਸਨ। ਦਸਵੇਂ ਪਾਤਸ਼ਾਹ ਨੇ ਆਪਣੇ ਨਗਾਰਚੀ ਸਿੰਘ ਬਾਬਾ ਨਾਥਾ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਪਵਿੱਤਰ ਨਿਸ਼ਾਨੀਆਂ ਤੇ ਸ਼ਾਸਤਰ ਭੇਟ ਕਰਕੇ ਧਰਮ ਦੇ ਪ੍ਰਚਾਰ ਲਈ ਭੇਜਿਆ ਸੀ। ਬਾਬਾ ਨਾਥਾ ਸਿੰਘ ਪਿੰਡ ਕਪੂਰਗੜ੍ਹ ਦੇ ਇਸੇ ਕਿਲ੍ਹੇ ਵਿੱਚ ਠਹਿਰੇ ਸਨ।
ਗੁਰਦੁਆਰਾ ਸਾਹਿਬ ਵਿੱਚ ਮੌਜੂਦ ਇਤਿਹਾਸਕ ਚੀਜ਼ਾ: ਗ੍ਰੰਥੀ ਸਿੰਘ ਭਾਈ ਬਲਜੀਤ ਸਿੰਘ ਅੱਗੇ ਦਸਦੇ ਨੇ ਕਿ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੇ ਹੱਥ ਲਿਖਤ ਗੁਰੂ ਗਰੰਥ ਸਾਹਿਬ, ਆਦਿ ਗਰੰਥ, ਇੱਕ ਤੇਗਾ ਜਿਸ ’ਤੇ ਗੁਰੂ ਗੋਬਿੰਦ ਸਿੰਘ ਦੇ ਦਸਤਖ਼ਤ ਹਨ, ਇੱਕ ਤੇਗ ਜਿਸ ’ਤੇ ‘ਜੈ ਤੇਗਮ’ ਅੰਕਿਤ ਹੈ। ਦੋ ਸਫ਼ਾ ਜੰਗ, ਦੋ ਭੱਥੇ ਤੀਰਾਂ ਦੇ ਜਿਨ੍ਹਾਂ ਵਿਚ ਵੱਖ-ਵੱਖ ਕਿਸਮ ਦੇ 64 ਤੀਰ ਹਨ। ਇੱਕ ਤੋੜੇਦਾਰ ਬੰਦੂਕ, ਗੁਰੂ ਜੀ ਦਾ ਕਟਾਰ, ਸਰਬਲੋਹ ਮਾਲਾ ਸਿਮਰਨ, ਚਾਰ ਢਾਲਾ, ਸਰੰਦਾ, ਪੁਰਾਤਨ ਚੌਰ ਸਾਹਿਬ ਤੇ ਕੰਘਾ ਆਦਿ ਪਵਿੱਤਰ ਨਿਸ਼ਾਨੀਆਂ ਤੇ ਸ਼ਾਸਤਰ ਸ਼ੁਸੋਭਿਤ ਹਨ।
ਮਣੀ ਸਿੰਘ ਜੀ ਵੱਲੋਂ ਲਿਖਤ ਦਸਮ ਗ੍ਰੰਥ : ਇਸ ਦੇ ਨਾਲ ਭਾਈ ਮਣੀ ਸਿੰਘ ਜੀ ਵੱਲੋਂ ਲਿਖਤ ਦਸਮ ਗ੍ਰੰਥ ਸਾਹਿਬ ਵੀ ਸ਼ਸ਼ੋਭਿਤ ਹੈ। ਜਿਸ ਵਿੱਚ ਪਾਠ ਅਰੰਭ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਦਾ ਚਿੱਤਰ ਵੀ ਬਣਿਆ ਹੋਇਆ ਹੈ। ਉਹਨਾਂ ਦੱਸਣ ਮੁਤਾਬਕ ਇਹ ਗ੍ਰੰਥ ਪੂਰੀ ਦੁਨੀਆ ਦੇ ਵਿੱਚ ਦੋ ਹੀ ਹਨ। ਇਕ ਗੁਰਦੁਆਰਾ ਹਜ਼ੂਰ ਸਾਹਿਬ ਤੇ ਦੂਸਰਾ ਪਿੰਡ ਕਪੂਰਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਹੈ। ਜਿਸ ਦੇ ਦਰਸ਼ਨ ਕਰਨ ਲਈ ਸੰਗਤ ਦੂਰ-ਦੂਰ ਤੋਂ ਆਉਂਦੀ ਹੈ।
ਗੁਰਦੁਆਰਾ ਸਾਹਿਬ ਵਿਚ ਮੌਜੂਦ ਪੁਰਾਤਨ ਕਿਲ੍ਹਾ: ਇਸ ਤੋਂ ਇਲਾਵਾ ਇਥੇ ਇਕ ਪੁਰਾਤਨ ਕਿਲ੍ਹਾ ਵੀ ਮੌਜੂਦ ਹਨ ਜਿਸ ਪੁਰਾਤਨ ਦਰਬਾਰ ਸਾਹਿਬ, ਸ਼ਸ਼ਤਰਖਾਨਾ, ਬਾਰਾਦਰੀ, ਲੰਗਰ ਹਾਲ, ਕਮਰੇ, 5 ਮੋਰਚੇ ਅਤੇ ਸੁਰੰਗ ਹੈ ਜੋ ਸਮੇਂ ਦੇ ਨਾਲ ਸਾਂਭ ਸੰਭਾਲ ਨਾ ਹੋਣ ਕਾਰਣ ਖੰਡਰ ਬਣ ਚੁੱਕਾ ਹੈ,ਇਸ ਕਿਲ੍ਹੇ ਵਿਚ ਪਹਿਲਾ ਦਰਬਾਰ ਸਾਹਿਬ ਉਥੇ ਹੀ ਹੁੰਦਾ ਸੀ ਪਰ ਕਿਲੇ ਦੀ ਹਾਲਤ ਖਸਤਾ ਹੋਣ ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਈ ਗਈ ਹੈ। ਉਥੇ ਹੀ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਆਏ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਹ ਇਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਆਏ ਹਨ। ਉਥੇ ਉਹਨਾਂ ਕਿਹਾ ਕਿ ਇਥੇ ਉਹਨਾਂ ਦੀ ਹਰ ਮਨੋਕਾਮਨਾ ਵੀ ਪੂਰੀ ਹੁੰਦੀ ਹੈ।
ਇਹ ਵੀ ਪੜ੍ਹੋ:- ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼, ਕਿਹਾ- ਸਾਬਤ ਸੂਰਤ ਹੋਣ ਦਾ ਲਈਏ ਪ੍ਰਣ