ਸ੍ਰੀ ਫ਼ਤਹਿਗੜ੍ਹ ਸਾਹਿਬ: ਕੈਨੇਡਾ ਪੜ੍ਹਨ ਗਏ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਬੀਚ 'ਚ ਨਹਾਉਣ ਸਮੇਂ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਜਸ਼ਨਦੀਪ ਸਿੰਘ (19) ਵਾਸੀ ਰੰਧਾਵਾ ਕਾਲੋਨੀ ਵਜੋਂ ਹੋਈ ਹੈ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸ਼ਨਦੀਪ 4 ਮਾਰਚ ਨੂੰ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ। ਜਸ਼ਨਦੀਪ ਸਿੰਘ ਦਾ +2 ਕਰਨ ਤੋਂ ਬਾਅਦ ਕੈਨੇਡਾ ਜਾ ਕੇ ਆਈਟੀ ਖੇਤਰ 'ਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਸੀ, ਜਿਸ ਕਰਕੇ ਉਸ ਦੇ ਪਿਤਾ ਬਲਵਿੰਦਰ ਸਿੰਘ ਨੇ ਕਰੀਬ 18 ਲੱਖ ਦਾ ਕਰਜ਼ਾ ਲੈ ਕੇ ਜਸ਼ਨ ਨੂੰ 4 ਮਾਰਚ 2020 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਭੇਜਿਆ। ਜਿੱਥੇ ਉਹ ਓਟਾਵਾ 'ਚ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਜਸ਼ਨ 4 ਜੁਲਾਈ ਨੂੰ ਆਪਣੇ ਦੋਸਤਾਂ ਨਾਲ ਬੀਚ 'ਤੇ ਘੁੰਮਣ ਲਈ ਗਿਆ। ਜਿੱਥੇ ਨਹਾਉਂਦੇ ਸਮੇਂ ਬੀਚ ਵਿੱਚ ਪਾਣੀ ਦੇ ਤੇਜ਼ ਵਹਾਅ 'ਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜੋ: ਪਟਿਆਲਾ: ਪਿੰਡ ਦੋਦੜਾ ਦਾ ਜਵਾਨ ਘਾਟੀ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ
ਉਨ੍ਹਾਂ ਦੱਸਿਆ ਕਿ ਜਸ਼ਨ ਦਾ ਪਿਤਾ ਬਲਵਿੰਦਰ ਸਿੰਘ ਪਿਛਲੇ 6 ਸਾਲ ਤੋਂ ਦੁਬਈ 'ਚ ਕੰਮ ਕਰ ਰਿਹਾ ਹੈ ਪਰ ਕੋਰੋਨਾ ਕਾਰਨ ਉਸ ਦਾ ਭਾਰਤ ਆਉਣਾ ਮੁਸ਼ਕਲ ਹੋ ਗਿਆ ਹੈ, ਜਿਸ ਕਰਕੇ ਉਹ ਦੁਬਈ 'ਚ ਹੀ ਵਿਰਲਾਪ ਕਰ ਰਿਹਾ ਹੈ, ਜਦਕਿ ਪਰਿਵਾਰ ਜਸ਼ਨ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਿਹਾ ਹੈ। ਜਸ਼ਨ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਘਰ ਵਾਪਸ ਲਿਆਉਣ ਦੇ ਲਈ ਉਨ੍ਹਾਂ ਵੱਲੋਂ ਸੰਸਦ ਮੈਂਬਰ ਅਤੇ ਸਰਕਾਰ ਕੋਲ ਮੰਗ ਕੀਤੀ ਹੈ।