ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਅਧੀਨ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਨਾਕੇ ਲਾ ਕੇ 5 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਨਵਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਟ੍ਰੈਕਟਰ ਉੱਤੇ ਸਵਾਰ ਸੁਰਿੰਦਰ ਸਿੰਘ ਅਤੇ ਬਲਿਹਾਰ ਸਿੰਘ ਦੋਵੇਂ ਭਰਾ ਵਾਸੀ ਪਿੰਡ ਚੁੰਨੀ ਮਾਜਰਾ ਨੂੰ 6 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਰੁੱਧ ਐਨ.ਡੀ.ਪੀ.ਐੱਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਬਿਪਰੋਨੌਰਫਿਨ ਅਤੇ ਏਵਲ ਦਵਾਈਆਂ ਬਰਾਮਦ
ਇਸੇ ਤਰਾਂ ਥਾਣਾ ਬਡਾਲੀ ਆਲਾ ਸਿੰਘ ਵਿਖੇ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਅਮਨਦੀਪ ਸਿੰਘ ਉਰਫ਼ ਅੰਮੂ ਵਾਸੀ ਪਿੰਡ ਘੇਲ, ਰਾਜਦੀਪ ਸਿੰਘ ਵਾਸੀ ਪਿੰਡ ਘੇਲ ਅਤੇ ਸਪਿੰਦਰ ਸਿੰਘ ਵਾਸੀ ਪਿੰਡ ਮਹਿਮਦਪੁਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਆਰੋਪੀਆਂ ਕੋਲੋਂ 50 ਟੀਕੇ ਬਿਪਰੋਨੌਰਫਿਨ, 50 ਸ਼ੀਸ਼ੀਆ ਏਵਲ ਅਤੇ 45 ਗ੍ਰਾਮ ਹੈਰੋਇਨ ਕਾਬੂ ਕੀਤੀ ਗਈ ਹੈ।
ਨਵਦੀਪ ਨੇ ਦੱਸਿਆ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਵਿਰੁੱਧ ਐਨਡੀਪੀਐੱਸ ਐਕਟ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। ਅਮਨਦੀਪ ਸਿੰਘ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ।