ਸ੍ਰੀ ਫ਼ਤਿਹਗੜ੍ਹ ਸਾਹਿਬ: ਬੁੱਧਵਾਰ 29 ਜਨਵਰੀ ਨੂੰ ਖ਼ਾਸ ਤੌਰ 'ਤੇ ਪੰਜਾਬ ਵਿੱਚ ਬਸੰਤ ਪੰਚਮੀ ਮਨਾਈ ਜਾਵੇਗੀ। ਇਸ ਮੌਕੇ ਜਿੱਥੇ ਇੱਕ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਹੈ, ਉੱਥੇ ਹੀ ਡਰ ਹੈ ਚਾਈਨਾ ਡੋਰ ਦੀ ਵਰਤੋਂ ਦਾ। ਹਾਲਾਂਕਿ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਨੂੰ ਲੈ ਕੇ ਸਖ਼ਤੀ ਨਾਲ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਜੋ ਵੀ ਇਸ ਦੀ ਵਰਤੋਂ ਕਰਦਾ ਜਾਂ ਵੇਚਦਾ ਵੇਖਿਆ ਜਾ ਰਿਹਾ ਹੈ ਜਾਂ ਜਾਵੇਗਾ, ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਬਹੁਤ ਹੀ ਖ਼ਤਰਨਾਕ ਹੈ, ਜਿੱਥੇ ਇਸ ਦੇ ਨਾਲ ਪੰਛੀਆਂ ਨੂੰ ਨੁਕਸਾਨ ਹੁੰਦਾ ਹੈ, ਉੱਥੇ ਹੀ ਇਹ ਇਨਸਾਨਾਂ ਲਈ ਵੀ ਨੁਕਸਾਨਦਾਇਕ ਹੈ। ਕਿਉਂਕਿ, ਕਈ ਵਾਰ ਮੋਟਰਸਾਈਕਲ 'ਤੇ ਜਾਂਦੇ ਹੋਏ ਲੋਕਾਂ ਦੇ ਗਲੇ ਵਿੱਚ ਫਸ ਜਾਂਦੀ ਹੈ ਅਤੇ ਉਨ੍ਹਾਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਕਈ ਵਾਰ ਇਸ ਡੋਰ ਦੇ ਨਾਲ ਕਰੰਟ ਤੱਕ ਵੀ ਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੁਝ ਮੁਨਾਫਾਖੋਰ ਡੀਲਰ ਚਾਈਨਾ ਡੋਰ ਵੇਚ ਰਹੇ ਹਨ, ਜਿਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ, ਤਾਂ ਜੋ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਾਅ ਕੀਤਾ ਜਾ ਸਕੇ ਅਤੇ ਉਨ੍ਹਾਂ ਨੇ ਬੱਚਿਆ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ।
ਉਥੇ ਹੀ ਇਸ ਸੰਬੰਧ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਐਸਪੀ ਫ਼ਤਿਹਗੜ੍ਹ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਡੋਰ ਵੇਚਦਾ ਫੜਿਆ ਗਿਆ, ਉਸ 'ਤੇ ਬਣਦੀ ਕਾਰਵਾਈ ਜ਼ਰੂਰ ਹੋਵੇਗੀ।
ਇਹ ਵੀ ਪੜ੍ਹੋ: ਹੈਰੀਟੇਜ ਸਟ੍ਰੀਟ 'ਚੋਂ ਹਟਾਏ ਜਾਣਗੇ ਗਿੱਧੇ-ਭੰਗੜੇ ਵਾਲੇ ਬੁੱਤ, ਕੈਪਟਨ ਨੇ ਦਿੱਤੇ ਨਿਰਦੇਸ਼