ਸ੍ਰੀ ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਗੋਬਿੰਦਗੜ੍ਹ ਦੇ ਇੱਕ ਨੌਜਵਾਨ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਐੱਸਐੱਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਸਪੈਕਟਰ ਹੇਮੰਤ ਕੁਮਾਰ ਜੋ ਕਿ ਨਾਰਕੋਟਿਨਕ ਸੈੱਲ ਦੇ ਇੰਚਾਰਜ ਹਨ, ਨੇ ਸੀਆਈਏ ਸਟਾਫ਼ ਸਰਹਿੰਦ ਦੀ ਮਦਦ ਨਾਲ ਨਾਕਾਬੰਦੀ ਦੌਰਾਨ ਜਸਵਿੰਦਰ ਸਿੰਘ ਉਰਫ਼ ਟੋਨੀ ਵਾਸੀ ਗੋਬਿੰਦਗੜ੍ਹ ਨੂੰ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਕੌਂਡਲ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਐੱਨਡੀਪੀਐੱਸ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ 1 ਕਿਲੋ ਹੈਰੋਇਨ ਦਿੱਲੀ ਦੇ ਉੱਤਮ ਨਗਰ ਰਹਿ ਰਹੇ ਇੱਕ ਅਫ਼ਰੀਕੀ ਨਾਗਰਿਕ ਜਿਸ ਦਾ ਨਾਂਅ ਸੰਡੋ ਉਰਫ਼ ਇਮੇਕਾ ਈਕੋਚੀ ਤੋਂ ਲੈ ਕੇ ਆਇਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕਰਦਿਆਂ ਸੰਡੋ ਨੂੰ ਦਿੱਲੀ ਤੋਂ 200 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਸੰਡੋ ਵਿਰੁੱਧ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਲੋਕਾਂ ਵਿੱਚ ਪ੍ਰਸ਼ਾਸਨ ਵਿਰੁੱਧ ਨਰਾਜ਼ਗੀ
ਪੁਲਿਸ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਕਾਬੂ ਕੀਤੇ ਅਫ਼ਰੀਕੀ ਨਾਗਰਿਕ ਵਿਰੁੱਧ ਸਮਰਾਲਾ ਥਾਣਾ ਵਿਖੇ ਪਹਿਲਾਂ ਵੀ ਤੋਂ 2 ਕਿਲੋ ਹੈਰੋਇਨ ਅਤੇ 40 ਗ੍ਰਾਮ ਕੋਕੀਨ ਦਾ ਕੇਸ ਦਰਜ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਸ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।