ਫ਼ਤਿਹਗੜ੍ਹ ਸਾਹਿਬ: ਪਿੰਡ ਮੁੱਲਾਂਪੁਰ ਵਿਖੇ ਸਥਿਤ ਜੇ.ਐਮ.ਕੇ ਇੰਡਸਟਰੀਜ਼ ਵਿੱਚ ਬੀਤੀ 18 ਮਈ ਨੂੰ ਵਾਪਰੇ ਬੁਆਇਲਰ ਫੱਟਣ ਨਾਲ ਕਾਫ਼ੀ ਮਜ਼ਦੂਰ ਅੱਗ ਵਿੱਚ ਝੁਲਸ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਰਾਜਿੰਦਰਾ ਹਸਪਤਾਲ ਵਿਖੇ ਇਲਾਜ਼ ਦੌਰਾਨ ਦਮ ਤੋੜ ਦਿੱਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਕੰਪਨੀ ਵਾਲਿਆਂ ਉੱਤੇ ਦੋਸ਼ ਹਨ ਕਿ ਉਨ੍ਹਾਂ ਨੇ ਉਸ ਦਾ ਇਲਾਜ਼ ਨਹੀਂ ਕਰਵਾਇਆ ਅਤੇ ਨਾ ਹੀ ਉਸ ਦੀ ਦੇਖ-ਰੇਖ ਕੀਤੀ। ਕੰਪਨੀ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕੰਪਨੀ ਵਾਲਿਆਂ ਨੇ ਉਸ ਨੂੰ ਧਮਾਕੇ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਬਚਣ ਦੇ ਲਈ ਉਸ ਨੂੰ ਸੜਕ ਦੇ ਕਿਨਾਰੇ ਪਾ ਦਿੱਤਾ ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਸਸਕਾਰ ਨਾ ਕਰ ਧਰਨੇ ਵਾਲੀ ਥਾਂ ਉੱਤੇ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਇਸ ਮਾਮਲੇ ਨੂੰ ਲੈ ਕੇ ਸਥਿਤੀ ਉਦੋਂ ਜ਼ਿਆਦਾ ਤਨਾਅਪੂਰਨ ਹੋ ਗਈ, ਜਦੋਂ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਇਨਸਾਫ਼ ਪਾਰਟੀ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਪਰਿਵਾਰ ਵਾਲਿਆਂ ਦੇ ਹੱਕ ਵਿੱਚ ਧਰਨੇ ਉੱਤੇ ਬੈਠ ਗਏ।
ਵਰਨਣਯੋਗ ਹੈ ਕਿ 18 ਮਈ ਨੂੰ ਜੇ.ਐਮ.ਕੇ ਇੰਡਸਟਰੀਜ਼ ਵਿੱਚ ਜਦੋਂ ਸਕ੍ਰੈਪ ਨੂੰ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਗਨੋਰ ਮਹਾਤੂ, ਭੁਪਿੰਦਰ ਕੁਮਾਰ, ਬੰਟੀ ਮਸੀਹ, ਸਤੀਸ਼ ਕੁਮਾਰ ਅਤੇ ਗੁਲੀ ਨਾਂਅ ਦੇ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।
ਮੌਕੇ 'ਤੇ ਪਹੁੰਚੇ ਡੀ.ਐਸ.ਪੀ ਫ਼ਤਿਹਗੜ੍ਹ ਸਾਹਿਬ ਮਨਜੀਤ ਸਿੰਘ ਸਮੇਤ ਹੋਰ ਕਈ ਅਫ਼ਸਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਆਪਣੀ ਮੰਗ 'ਤੇ ਅੜੇ ਰਹੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਮ੍ਰਿਤਕ ਦੇ ਵਾਰਿਸਾਂ ਹਵਾਲੇ ਕਰ ਕੇ ਉਸ ਦਾ ਸਸਕਾਰ ਕਰਨ ਲਈ ਰਵਾਨਾ ਕਰ ਦਿੱਤਾ।
ਹਾਂਲਕਿ ਪੁਲਿਸ ਵਲੋਂ ਇਸ ਹਾਦਸੇ ਸਬੰਧੀ ਮਾਮਲਾ ਦਰਜ਼ ਕਰ ਲਿਆ ਗਿਆ ਹੈ ਪਰ ਲੋਕ ਇਨਸਾਫ ਪਾਰਟੀ ਦੇ ਆਗੂ ਫੈਕਟਰੀ ਮਾਲਿਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।