ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਵਿਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ, ਪਰ ਪੰਜਾਬ ਵਿੱਚ ਨਿੱਤ ਦਿਨ ਨਸ਼ੇ ਦੇ ਕਾਰਨ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਆਉਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਨ ਮਾਜਰਾ ਵਿਖੇ ਰੱਖੜੀ ਬੰਨ੍ਹਣ ਲਈ ਘਰ ਆਈਆਂ ਭੈਣਾਂ ਨੂੰ ਨਸ਼ੇ ਨਾਲ ਹੋਈ ਭਰਾ ਦੀ ਮੌਤ ਤੇ ਸੱਥਰ ਵਿਛਾਉਣੇ ਪੈ ਗਏ।
ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵੱਜੋਂ ਹੋਈ ਹੈ। ਜੋ ਨਸ਼ਾ ਕਰਨ ਦੇ ਲਈ ਪਿੰਡ ਦੇ ਸਕੂਲ ਵਿੱਚ ਗਿਆ ਸੀ। ਨਸ਼ੇ ਦੀ ਓਵਰਡੋਸ਼ ਨਾਲ ਜਿਸਦੀ ਮੌਤ ਹੋ ਗਈ। ਉਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਮਾਤਾ ਸ਼ਿੰਦਰ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਬੱਗੜ ਸ਼ਨੀਵਾਰ ਸ਼ਾਮ ਨੂੰ ਘਰ ਤੋਂ ਚਲਾ ਗਿਆ ਸੀ ਤੇ ਉਹ ਮੁੜ ਕੇ ਵਾਪਸ ਨਹੀਂ ਆਇਆ। ਉਸ ਦੀ ਕਾਫੀ ਭਾਲ ਕੀਤੀ ਪਰ ਉਹ ਨਹੀ ਮਿਲਿਆ ਤਾਂ ਐਤਵਾਰ ਦੀ ਸਵੇਰੇ ਨੂੰ ਇਕ ਪਿੰਡ ਦੇ ਹੀ ਲੜਕੇ ਨੇ ਦੱਸਿਆ ਕਿ ਦਵਿੰਦਰ ਬੱਗੜ ਪ੍ਰਾਇਮਰੀ ਸਕੂਲ 'ਚ ਡਿੱਗਿਆ ਪਿਆ ਹੈ।
ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਤੇ ਸਰਪੰਚ ਨੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਮਾਤਾ ਸ਼ਿੰਦਰ ਕੌਰ ਨੇ ਕਥਿਤ ਤੌਰ ਤੇ ਪਿੰਡ ਦੇ ਇਕ ਲੜਕੇ ਤੇ ਦੋਸ਼ ਲਗਾਏ ਹਨ। ਸਰਪੰਚ ਦੇ ਪਤੀ ਰਣਜੀਤ ਸਿੰਘ ਤਰਖਾਣ ਮਾਜਰਾ ਨੇ ਦੱਸਿਆ ਕਿ ਦਵਿੰਦਰ ਸਿੰਘ ਬੱਗੜ ਦੀ ਲਾਸ਼ ਪ੍ਰਾਇਮਰੀ ਸਕੂਲ ਵਿਚੋਂ ਮਿਲੀ ਹੈ। ਜਿਸ ਦੇ ਨੇੜੇ ਇੱਕ ਸਰਿੰਜ ਅਤੇ ਹੋਰ ਸਾਮਾਨ ਵੀ ਪਿਆ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਦਾ ਪਿਤਾ ਅਤੇ ਉਸ ਦੇ ਭਰਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੀ ਜ਼ਮੀਨ ਕੁਰਕ ਕੀਤੀ ਜਾਵੇ ਤੇ ਇਨ੍ਹਾਂ ਤੇ ਕਾਰਵਾਈ ਕਰੀ ਜਾਵੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾ ਨੇ ਪੁਲਿਸ ਤੋ ਇਨਸਾਫ ਦੀ ਮੰਗ ਕੀਤੀ ਹੈ ।
ਇਹ ਵੀ ਪੜ੍ਹੋ:- ਮੁੱਖ ਮੰਤਰੀ-ਕਿਸਾਨਾਂ ਦੀ ਮੀਟਿੰਗ: ਕਿਸਾਨ ਚੰਡੀਗੜ੍ਹ ਲਈ ਰਵਾਨਾ