ਸ੍ਰੀ ਫ਼ਤਹਿਗੜ੍ਹ ਸਾਹਿਬ: ਬੀਤੇ ਦਿਨੀ ਫਤਿਹਗੜ੍ਹ ਸਾਹਿਬ ਦੇ ਵਿੱਚ ਬੇਅਦਬੀ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਘਟਨਾ ਸਥਾਨ ਦਾ ਜਾਇਜ਼ਾ ਲੈਣ ਦੇ ਲਈ ਅੱਜ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਪਿੰਡ ਤਰਖਾਣ ਮਾਜਰਾ ਤੇ ਜੱਲ੍ਹਾ ਵਿਖੇ ਪਹੁੰਚੇ।
ਧਿਆਨ ਸਿੰਘ ਮੰਡ ਨੇ ਕਿਹਾ ਕਿ ਜੋ ਧਾਰਾ ਪੁਲਿਸ ਵੱਲੋਂ ਲਗਾਈਆਂ ਗਈਆਂ ਹਨ ਉਹ ਠੀਕ ਹਨ ਪਰ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਵਿਅਕਤੀ ਅੱਗੇ ਤੋਂ ਅਜਿਹੀ ਘਿਨਾਉਣੀ ਹਰਕਤ ਨਾ ਕਰੇ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਵਾਲੀ ਗਲਤੀ ਨਾ ਕਰਨ ਇਸ ਦੀ ਵਿਸ਼ੇਸ਼ ਜਾਂਚ ਕਰ ਕੇ ਸਿੱਖ ਸੰਗਤ ਦੇ ਸਾਹਮਣੇ ਸੱਚਾਈ ਲੈ ਕੇ ਆਉਣ ਕੇ ਬੇਅਦਬੀ ਦੀਆਂ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ ਕੌਣ ਇਨ੍ਹਾਂ ਨੂੰ ਕਰਵਾ ਰਿਹਾ ਹੈ।
ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 3-4 ਦਿਨ ਬਾਅਦ ਉਨ੍ਹਾਂ ਵੱਲੋਂ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ।
ਦੱਸਣਯੋਗ ਹੈ ਕਿ ਸਿੱਖ ਸੰਗਤ ਵੱਲੋਂ ਰੋਸ ਜ਼ਾਹਿਰ ਕਰਦੇ ਹੋਏ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਵਿੱਚ ਬੇਅਦਬੀ ਕਰਨ ਵਾਲੇ ਉਕਤ ਵਿਅਕਤੀ ਨੂੰ ਸਿੱਖ ਸੰਗਤ ਦੇ ਵੱਲੋਂ ਮੌਕੇ ਉੱਤੇ ਕਾਬੂ ਕਰ ਪੁਲਿਸ ਹਵਾਲੇ ਕੀਤਾ ਦਿੱਤਾ ਸੀ। ਜਿਸਦਾ ਪੁਲਿਸ ਵੱਲੋਂ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।