ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾਂ ਦੇ ਸਰਕਾਰੀ ਓਟ ਸੈਂਟਰ 'ਚੋਂ ਵੱਡੀ ਗਿਣਤੀ 'ਚ ਬਿਉਪਰਨੌਰਫਿਨ ਗੋਲੀਆਂ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਹੁਣ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਹਸਪਤਾਲ ਦੇ ਸੂਤਰਾਂ ਅਨੁਸਾਰ ਵੱਡੀ ਗਿਣਤੀ 'ਚ ਬਿਉਪਰਨੌਰਫਿਨ ਗੋਲੀਆਂ ਉਕਤ ਓਟ ਕਲੀਨਿਕ 'ਚੋਂ ਗਾਇਬ ਹੋਈਆਂ ਹਨ। ਹਾਲਾਂਕਿ ਸਬੰਧਿਤ ਸਟਾਫ ਇਸ ਮਾਮਲੇ ਬਾਰੇ ਚੁੱਪ ਹੈ। ਇਹ ਦਵਾਈ ਨਸ਼ੇ ਦੀ ਬਿਮਾਰੀ ਤੋਂ ਪੀੜਿਤ ਲੋਕਾਂ ਦਾ ਇਲਾਜ ਕਰਨ ਲਈ ਸੂਬਾ ਸਰਕਾਰ ਵੱਲੋਂ ਖੋਲ੍ਹੇ ਗਏ ਓਟ ਕਲੀਨਿਕਾਂ 'ਚ ਮੁਹੱਈਆ ਕਰਵਾਈ ਜਾਂਦੀਆਂ ਹਨ।
ਜਾਂਚ ਕਮੇਟੀ ਬਣਾ ਦਿੱਤੀ ਹੈ, ਰਿਪੋਰਟ ਆਉਣ ਉਤੇ ਹੋਵੇਗੀ ਕਾਰਵਾਈ : ਮਰੀਜ਼ਾਂ ਲਈ ਆਈਆਂ ਬਿਉਪਰਨੌਰਫਿਨ ਗੋਲੀਆਂ ਓਟ ਕਲੀਨਿਕ 'ਚੋਂ ਗਾਇਬ ਹੋ ਜਾਣ ਸਬੰਧੀ ਜਦੋਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਵਿਜੈ ਕੁਮਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਬੱਸੀ ਪਠਾਣਾਂ ਓਟ ਕਲੀਨਿਕ 'ਚ ਬਿਉਪਰਨੌਰਫਿਨ ਦਵਾਈ ਸਟਾਕ ਮੁਤਾਬਿਕ ਨਾ ਹੋਣ ਦਾ ਮਾਮਲਾ ਉਨ੍ਹਾਂ ਦੇ ਵੀ ਧਿਆਨ 'ਚ ਆਇਆ ਹੈ, ਜਿਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਡੀਐੱਮਸੀ ਦੀ ਅਗਵਾਈ 'ਚ ਇੱਕ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਸਿਵਲ ਸਰਜਨ ਨੇ ਕਿਹਾ ਕਿ ਉਕਤ ਕਮੇਟੀ ਵੱਲੋੋਂ ਚਾਰ ਦਿਨਾਂ 'ਚ ਉਨ੍ਹਾਂ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ । ਗਾਇਬ ਹੋਈਆਂ ਗੋਲੀਆਂ ਦੀ ਗਿਣਤੀ ਸਬੰਧੀ ਪੁੱਛੇ ਜਾਣ 'ਤੇ ਸਿਵਲ ਸਰਜਨ ਨੇ ਕਿਹਾ ਕਿ ਸਹੀ ਗਿਣਤੀ ਤਾਂ ਸਟਾਕ ਦਾ ਮਿਲਾਨ ਹੋਣ ਉਪਰੰਤ ਹੀ ਪਤਾ ਲੱਗ ਸਕੇਗੀ। ਇਸ ਲਈ ਹਾਲੇ ਉਹ ਇਸ ਬਾਰੇ ਕੁਝ ਨਹੀਂ ਦੱਸ ਸਕਦੇ।
ਪਹਿਲਾਂ ਵੀ ਗਾਇਬ ਹੋ ਚੁੱਕੀਆਂ ਨੇ ਗੋਲੀਆਂ : ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਹਿਲਾਂ ਵੀ ਇਸੇ ਤਰ੍ਹਾਂ ਓਟ ਸੈਂਟਰਾਂ ਵਿਚੋਂ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਜਿਨ੍ਹਾਂ ਨੂੰ ਮਰੀਜ਼ ਆਮ ਭਾਸ਼ਾ ਵਿਚ ਚਿੱਟੀ ਗੋਲੀ ਵੀ ਕਹਿੰਦੇ ਹਨ, ਚੋਰੀ ਹੋ ਚੁੱਕੀਆਂ ਹਨ। ਹਾਲਾਂਕਿ ਇਸ ਵਾਰਦਾਤ ਨੂੰ ਕੌਣ ਤੇ ਕਿਵੇਂ ਅੰਜਾਮ ਦਿੰਦਾ ਹੈ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਸਰਕਾਰੀ ਗੋਲੀਆਂ ਦੀ ਖੇਪ ਹਸਪਤਾਲਾਂ ਵਿਚੋਂ ਗਾਇਬ ਹੋ ਜਾਣਾ ਇਕ ਗੰਭੀਰ ਮਸਲਾ ਹੈ ਤੇ ਹਸਪਤਾਲ ਦੇ ਪ੍ਰਸ਼ਾਸਨ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।