ਸ੍ਰੀ ਫ਼ਤਹਿਗੜ੍ਹ ਸਾਹਿਬ: ਸਿੱਖ ਫਾਰ ਜਸਟਿਸ ਵੱਲੋਂ ਮੁੜ ਤੋਂ ਪੰਜਾਬ ਵਿੱਚ ਖ਼ਾਲਿਸਤਾਨ ਪੱਖੀ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਐੱਸਐੱਫਜੇ ਦੇ ਗੁਰਪਤਵੰਤ ਸਿੰਘ ਪੰਨੂ ਸਮੇਤ 8 ਲੋਕਾਂ ਨੂੰ ਅੱਤਵਾਦੀ ਐਲਾਨਿਆ ਹੈ। ਲਗਾਤਾਰ ਸੂਬੇ ਵਿੱਚ ਹੋ ਰਹੀਆਂ ਖ਼ਾਲਿਸਤਾਨ ਪੱਖੀ ਗਤੀਵਿਧੀਆਂ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਖ਼ਾਲਿਸਤਾਨ ਪੱਖੀ ਲੋਕਾਂ ਦੀ ਗੱਲ ਸਰਕਾਰ ਨੂੰ ਸੁਣਨੀ ਚਾਹੀਦੀ ਹੈ। ਬੈਂਸ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਸਿਆਸੀ ਸਵਾਲ ਵੀ ਹੋਣ ਲੱਗੇ ਹਨ। ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਬੈਂਸ ਆਪਣਾ ਇਸ ਮੁੱਦੇ ਨੂੰ ਲੈ ਕੇ ਸਟੈਂਡ ਸਪੱਸ਼ਟ ਕਰਨ।
ਪੰਜਾਬ ਦੇ ਲੋਕਾਂ ਨੇ ਅੱਤਵਾਦ ਦੇ ਦੌਰ ਵਿੱਚ ਆਪਣਾ ਬਹੁਤ ਕੁਝ ਗੁਆਇਆ ਹੈ ਅਤੇ ਬਹੁਤ ਨੌਜਵਾਨ ਇਸ ਅੱਤਵਾਦ ਦੀ ਬਲੀ ਚੜ੍ਹੇ ਹਨ। ਮੈਂ ਹੈਰਾਨ ਹਾਂ ਕਿ ਬੈਂਸ ਖ਼ਾਲਿਸਤਾਨ ਦੇ ਪੱਖ ਦੀ ਗੱਲ ਕਰ ਰਹੇ ਹਨ ਪਰ ਹੁਣ ਖ਼ਾਲਿਸਤਾਨ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਬੈਂਸ ਜੇਕਰ ਖ਼ਾਲਿਸਤਾਨ ਦੇ ਸਮਰਥਨ ਦੀ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਆਉਣ ਵਾਲੇ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਗੱਲ ਲਿਖ ਦੇਣੀ ਚਾਹੀਦੀ ਹੈ। ਖ਼ਾਲਿਸਤਾਨ ਦੀ ਗੱਲ ਕਰਨ ਵਾਲੇ ਲੋਕ ਤਾਂ ਬਾਹਰਲੇ ਦੇਸ਼ਾਂ ਵਿੱਚ ਬੈਠੇ ਹਨ ਜਦੋਂ ਕਿ ਖ਼ਾਲਿਸਤਾਨ ਦੀ ਧਰਤੀ ਹਿੰਦੋਸਤਾਨ ਦੀ ਹੈ, ਜੇਕਰ ਉਨ੍ਹਾਂ ਨੇ ਕੋਈ ਗੱਲ ਕਰਨੀ ਹੈ ਤਾਂ ਇੱਥੇ ਆ ਕੇ ਕਰਨ। ਮੈਂ ਸਮਝਦਾਂ ਹਾਂ ਕਿ ਸਿਮਰਜੀਤ ਬੈਂਸ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ, ਜੇਕਰ ਕਰਨੀ ਹੈ ਤਾਂ ਉਹ ਖੁੱਲ੍ਹ ਕੇ ਕਰਨ ਤਾਂ ਕਿ ਲੋਕਾਂ ਦੇ ਸਾਹਮਣੇ ਉਨ੍ਹਾਂ ਦਾ ਚਿਹਰਾ ਨੰਗਾ ਹੋ ਸਕੇ।