ਫ਼ਤਿਹਗੜ੍ਹ ਸਾਹਿਬ: ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮੰਦੀ ਭਾਸ਼ਾ ਬੋਲਣ ਬੋਲਣ 'ਤੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਰਾਜਨੀਤਕ ਆਗੂਆਂ ਨੂੰ ਆਪਣੀ ਭਾਸ਼ਾ, ਕਿਰਦਾਰ ਅਤੇ ਕੱਦ ਦਾ ਧਿਆਨ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਲੋਕਾਂ ਵਿੱਚ ਕਦਰਾਂ ਕੀਮਤਾਂ ਵਾਲੀ ਕਹਾਉਂਦੀ ਹੈ। ਉਨ੍ਹਾਂ ਦੀ ਪਿਛਲੇ ਦਿਨੀਂ ਬਾਘਾਪੁਰਾਣਾ ਵਿੱਚ ਹੋਈ ਰੈਲੀ ਇਸ ਦੌਰਾਨ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਆਪ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਕੀਤੀ ਘਟੀਆ ਟਿੱਪਣੀ ਦੀ ਪੂਰੇ ਸਿੱਖ ਜਗਤ ਨੇ ਨਿੰਦਿਆ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਹਰ ਇੱਕ ਦਾ ਭਲਾ ਮੰਗਦਾ ਹੈ ਅਤੇ ਦੇਸ਼ ਸਿਧਾਂਤ 'ਤੇ ਚੱਲਦਾ ਹੈ, ਪਰ ਕੁੱਝ ਮਾੜੀ ਸਿਆਸਤ ਵਾਲੇ ਰਾਜਨੀਤਿਕ ਲੋਕ ਇਨ੍ਹਾਂ ਚੀਜ਼ਾਂ ਨੂੰ ਸਮਝਣ ਦੀ ਬਜਾਏ ਅਜਿਹੀਆਂ ਭਾਸ਼ਾਵਾਂ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਸਟਰ ਬਲਦੇਵ ਸਿੰਘ ਦੇ ਨਾਮ ਨਾਲ ਮਾਸਟਰ ਲੱਗਦਾ ਹੈ ਜੋ ਬਹੁਤ ਹੀ ਉੱਚਾ ਰੁਤਬਾ ਹੈ, ਪਰ ਉਨ੍ਹਾਂ ਵਰਗੇ ਲੋਕ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਮਾਰਦੇ ਅਤੇ ਥਾਲੀ ਦੇ ਬੈਂਗਣ ਵਾਂਗ ਰੁੜ੍ਹਦੇ ਫਿਰਦੇ ਹਨ ਕਦੇ ਆਮ ਆਦਮੀ ਪਾਰਟੀ ਕਦੇ ਸੁਖਪਾਲ ਖਹਿਰਾ ਵਾਲੀ ਪਾਰਟੀ ਅਤੇ ਮੁੜ ਫਿਰ ਆਮ ਆਦਮੀ ਪਾਰਟੀ ਵਿੱਚ ਬਿਨਾਂ ਕਿਸੇ ਆਦਰਸ਼ ਤੋਂ ਧੱਕੇ ਖਾਂਦੇ ਫਿਰਦੇ ਹਨ।
ਐਡਵੋਕੇਟ ਧਾਰਨੀ ਨੇ ਕਿਹਾ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਉਨ੍ਹਾਂ ਦੇ ਵਿਧਾਇਕ ਵੱਲੋਂ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਉਸ ਦੀ ਮੌਜੂਦਗੀ ਵਿਚ ਬੋਲੀ ਗਈ ਮੰਦੀ ਭਾਸ਼ਾ ਦੀ ਆਲੋਚਨਾ ਕਰਨੀ ਚਾਹੀਦੀ ਸੀ ਅਤੇ ਉਨ੍ਹਾਂ ਨੂੰ ਅਜਿਹਾ ਬੋਲਣ ਤੋਂ ਮੌਕੇ 'ਤੇ ਹੀ ਰੋਕਣਾ ਚਾਹੀਦਾ ਸੀ।