ਫਰੀਦਕੋਟ: ਫਰੀਦਕੋਟ ਦੇ ਮਾਈ ਗੋਦੜੀ ਸਾਹਿਬ ਇਲਾਕਾ ਜਿਸ ਨੂੰ ਪਿੰਡ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਇਲਾਕੇ ਵਿੱਚ ਵੱਡੀ ਆਬਾਦੀ ਵਿੱਚ ਲੋਕ ਵੱਸਦੇ ਹਨ ਪਰ ਇਸ ਆਬਾਦੀ ਵਾਲੇ ਇਲਾਕੇ ਵਿੱਚ ਕੁੱਝ ਪੁਰਾਣੀਆਂ ਫੈਕਟਰੀਆਂ ਚੱਲ ਰਹੀਆਂ ਹਨ। ਜਿਸ ਤੋਂ ਪ੍ਰੇਸ਼ਾਨ ਇਲਾਕਾ ਵਾਸੀਆਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਸਾਂਝੇ ਤੌਰ ਉੱਤੇ ਫੈਕਟਰੀਆਂ ਨੂੰ ਪਿੰਡ ਤੋਂ ਦੂਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਚਿਤਵਾਨੀ ਦਿੱਤੀ ਕਿ ਜੇ ਕੋਈ ਕਾਰਵਾਈ ਨਾ ਹੋਈ ਤਾਂ ਸੜਕ ਜਾਮ ਕਰ ਕੇ ਪੱਕਾ ਧਰਨਾ ਲਾਇਆ ਜਾਵੇਗਾ।
ਪਿੰਡ ਦੇ ਸਰਪੰਚ ਗੁਰਕਮਲ ਸਿੰਘ ਨੇ ਦਿੱਤਾ ਇਹ ਬਿਆਨ: ਇਸ ਮੌਕੇ ਮਾਈ ਗੋਦੜੀ ਦੇ ਸਰਪੰਚ ਗੁਰਕਮਲ ਸਿੰਘ ਨੇ ਕਿਹਾ ਕੇ ਇਸ ਇਲਾਕੇ ਵਿੱਚ ਲੱਗੀ ਅਚਾਰ ਫੈਕਟਰੀ ਵਿੱਚ ਸਫਾਈ ਦੇ ਪ੍ਰਬੰਧ ਸਹੀ ਨਾ ਹੋਣ ਕਾਰਨ ਅਤੇ ਫੈਕਟਰੀ ਦੀ ਸਾਰੀ ਗੰਦਗੀ ਨੂੰ ਨਾਲੇ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਅੱਗੇ ਜਾ ਕੇ ਖੇਤਾਂ ਵਿੱਚ ਗੰਦਾ ਪਾਣੀ ਪੈ ਰਿਹਾ ਹੈ, ਨਾਲ ਹੀ ਸਾਰੇ ਇਲਾਕੇ ਵਿੱਚ ਬਦਬੂ ਅਤੇ ਪ੍ਰਦੂਸ਼ਣ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਪਿਆ ਹੈ।
ਉਨ੍ਹਾਂ ਮੰਗ ਕਰਦਿਆਂ ਕਿਹਾ, "ਸਾਡੇ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਜਿਨ੍ਹਾਂ ਵੱਲੋਂ ਐਸਡੀਐਮ ਨੂੰ ਮਾਰਕ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਇੱਕ ਹਫਤੇ ਚ ਕੋਈ ਕਾਰਵਾਈ ਨਾ ਹੋਈ ਤਾਂ ਉਹ ਪੱਕੇ ਤੌਰ ਤੇ ਸੜਕ ਜਾਮ ਕਰ ਧਰਨਾ ਲਗਾਉਣ ਲਈ ਮਜਬੂਰ ਹੋਣਗੇ।"
ਫੈਕਟਰੀ ਦੀ ਧਮਕ ਨਾਲ ਡਿੱਗੀਆਂ ਘਰ ਦੀਆਂ ਛੱਤਾਂ: ਉੱਥੇ ਹੀ ਫੈਕਟਰੀ ਦੇ ਨਾਲ ਰਹਿੰਦੇ ਇੱਕ ਮਕਾਨ ਮਾਲਕ ਨੇ ਦੱਸਿਆ ਕਿ ਫੈਕਟਰੀ ਦੀ ਮਸ਼ੀਨਰੀ ਚੱਲਣ ਕਰਕੇ ਪੈਂਦੀ ਧਮਕ ਨਾਲ ਉਨ੍ਹਾਂ ਦੇ ਘਰ ਦੀਆਂ ਛਤਾਂ ਡਿੱਗ ਚੁੱਕੀਆਂ ਨੇ ਅਤੇ ਉਨ੍ਹਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਕਿਓਂਕਿ ਸਾਰਾ ਦਿਨ ਉਹ ਮਜ਼ਦੂਰੀ ਕਰਕੇ ਜਦੋਂ ਘਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਡਰ ਲਗਦਾ ਕਿ ਹੋਰ ਛੱਤ ਨਾ ਡਿੱਗ ਜਾਵੇ ਉਨ੍ਹਾਂ ਨੇ ਆਪਣੇ ਮਕਾਨ ਦੇ ਨੁਕਸਾਨ ਦੀ ਭਰਪਾਈ ਅਤੇ ਫੈਕਟਰੀ ਬਾਹਰ ਲਿਜਾਣ ਲਈ ਮੰਗ ਕੀਤੀ।
ਸਵਾਲਾਂ ਤੋਂ ਭੱਜਦੇ ਨਜ਼ਰ ਆਏ ਫੈਕਟਰੀ ਮਾਲਕ: ਉੱਥੇ ਹੀ ਜਦੋਂ ਫੈਕਟਰੀ ਮਾਲਕਾਂ ਦਾ ਪੱਖ ਜਾਨਣ ਲਈ ਉਨ੍ਹਾਂ ਕੋਲ ਪਹੁੰਚੇ ਤਾਂ ਉਨ੍ਹਾਂ ਫਿਲਹਾਲ ਕੈਮਰੇ ਅੱਗੇ ਕੁੱਝ ਵੀ ਨਾ ਬੋਲਣ ਦੀ ਗੱਲ ਕਹਿੰਦੇ ਹੋਏ ਦੋ ਘੰਟੇ ਲਈ ਖੁਦ ਬੁਲਾ ਕੇ ਅਪਣਾ ਪੱਖ ਰੱਖਣ ਦਾ ਭਰੋਸਾ ਦਿੱਤਾ ਪਰ 4 ਘੰਟੇ ਤੱਕ ਉਡੀਕ ਕਰਨ ਦੇ ਬਾਵਜੂਦ ਫੈਕਟਰੀ ਮਾਲਕਾਂ ਦਾ ਕੋਈ ਫੋਨ ਨਾ ਆਇਆ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਸਰਕਾਰ ਦੇ ਹੁਕਮਾਂ ਤਹਿਤ ਕੀਤੀ ਸਖ਼ਤੀ, ਮਾਰੇ ਛਾਪੇ