ਫ਼ਰੀਦਕੋਟ: ਸਥਾਨਕ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਵਿਰੋਧ 'ਚ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਸਰਕਾਰੀ ਕਾਲਜਾਂ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਪੜ੍ਹ ਰਹੇ ਐੱਸ.ਸੀ., ਐੱਸ.ਟੀ. ਅਤੇ ਹੋਰ ਵਰਗਾਂ ਦੇ ਗਰੀਬ ਵਿਦਿਆਰਥੀਆਂ ਤੋਂ ਪੀ.ਟੀ.ਏ. ਫ਼ੰਡ ਦੇ ਨਾਂਅ 'ਤੇ ਭਾਰੀ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਜ਼ਾਹਿਰ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੀ.ਐੱਸ.ਯੂ. ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਆਜ਼ਾਦ ਨੇ ਕਿਹਾ ਕਿ ਫ਼ਰੀਦਕੋਟ ਦੇ ਬਰਜਿੰਦਰਾ ਕਾਲਜ ਅਤੇ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ 'ਚ ਪੜ੍ਹਨ ਵਾਲੇ ਗਰੀਬ ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡ ਦੇ ਨਾਂਅ 'ਤੇ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐੱਸ.ਸੀ., ਐੱਸ.ਟੀ. ਅਤੇ ਹੋਰ ਵਰਗਾਂ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ ਇਕ ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਦੀ ਫ਼ੀਸ ਮਾਫ਼ ਕਰ ਦਿੱਤੀ ਜਾਦੀ ਹੈ।
ਮੁਖਰਜੀ ਨਗਰ ਮਾਮਲਾ: ਦਿੱਲੀ ਪੁਲਿਸ ਦੇ ਫ਼ੈਸਲੇ ਦਾ ਐਸਜੀਪੀਸੀ ਨੇ ਕੀਤਾ ਸੁਆਗਤ
ਕੇਸ਼ਵ ਨੇ ਦੱਸਿਆ ਕਿ ਬਰਜਿੰਦਰਾ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਦੇ ਪ੍ਰਬੰਧਕਾਂ ਵਲੋਂ ਸਾਰੇ ਗਰੀਬ ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡ ਦੇ ਨਾਂਅ 'ਤੇ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਇਸ ਦੇ ਵਿਰੋਧ 'ਚ ਪਿਛਲੇ 2 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਇਸੇ ਤਰਾਂ ਡਟੇ ਰਹਿਣਗੇ ।