ਫਰੀਦਕੋਟ: ਫਰੀਦਕੋਟ ਸੀਆਈਏ ਦੇ ਇੰਚਾਰਜ ਨਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਐੱਸਐੱਸਪੀ ਰਾਜ ਬਚਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਇਹ ਮੰਨਿਆ ਹੈ ਕਿ ਸੀਆਈਏ ਵਿੰਗ ਵਿੱਚ ਹਿਰਾਸਤ ਦੌਰਾਨ ਜਸਪਾਲ ਸਿੰਘ ਜਸ ਨੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਇੰਸਪੈਕਟਰ ਨਰਿੰਦਰ ਸਿੰਘ ਵਲੋਂ ਖੁਰਦ ਬੁਰਦ ਕਰ ਦਿੱਤਾ ਗਿਆ ਸੀ।
ਐੱਸਐੱਸਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ 18 ਮਈ ਦੀ ਰਾਤ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਵਿਚ 3 ਲੜਕੇ ਹਥਿਆਰਾਂ ਸਮੇਤ ਘੁੰਮ ਰਹੇ ਹਨ ਜਿਸ ਤੋਂ ਬਾਅਦ CIA ਫਰੀਦਕੋਟ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਰੇਡ ਕੀਤਾ ਅਤੇ ਉਥੋਂ ਉਸ ਨੂੰ ਜਸਪਾਲ ਸਿੰਘ ਜਸ ਨਾਮੀ ਸਮੇਤ 2 ਨੌਜਵਾਨ ਨੂੰ ਰਾਉਂਡਅੱਪ ਕਰ ਸੀਆਈਏ ਫਰੀਦਕੋਟ ਲੈ ਆਏ। ਉਹਨਾਂ ਦੱਸਿਆ ਕਿ ਸੀਆਈਏ ਵਿੱਚ ਆ ਕੇ ਨੌਜਵਾਨ ਨੇ ਫਾਹਾ ਲੈ ਖ਼ੁਦਕੁਸ਼ੀ ਕਰ ਲਈ ਜਿਸ ਦੀ ਲਾਸ਼ ਨੂੰ ਸੀਆਈਏ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਕੀਤੇ ਖੁਰਦ ਬੁਰਦ ਕਰ ਦਿੱਤਾ।
ਪਰ, ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਅਤੇ ਇੰਸਪੈਕਟਰ ਦੀ ਖ਼ੁਦਕੁਸ਼ੀ ਵਿਚ ਕੋਈ ਸਬੰਧ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਤਫਤੀਸ਼ ਬਾਕੀ ਹੋਣ ਅਤੇ ਤਫਤੀਸ਼ ਦੌਰਾਨ ਕੋਈ ਵੀ ਗੱਲ ਦੱਸਣ ਤੋਂ ਟਾਲਾ ਵੱਟ ਰਹੀ ਹੈ । ਦਸੱਣਯੋਗ ਹੈ ਕਿ ਪੁਲਿਸ ਹਿਰਾਸਤ ਵਿਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਵਲੋਂ ਹਿਰਾਸਤ 'ਚ ਲਏ 2 ਨੌਜਵਾਨਾਂ ਨੂੰ ਛੁਡਵਾਉਣ ਅਤੇ ਉਹਨਾਂ ਖਿਲਾਫ਼ ਦਰਜ ਮੁਕਾਦਮਾਂ ਖਾਰਜ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਦਰ ਫਰੀਦਕੋਟ ਦਾ ਘੇਰਾਵ ਕਰ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ।
ਜ਼ਿਕਰਯੋਗ ਹੈ ਕਿ 24 ਸਾਲਾਂ ਦਾ ਨੌਜਵਾਨ ਜਸਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਜਸਪਾਲ ਸਿੰਘ ਨੂੰ ਬੀਤੀ 18 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਦੀ ਮੌਤ ਹਿਰਾਸਤ ਦੌਰਾਨ ਹੀ ਹੋ ਗਈ ਸੀ ਤੇ ਪੁਲਿਸ ਨੇ ਕਥਿਤ ਤੌਰ ਉੱਤੇ ਉਸ ਨੂੰ ਟਿਕਾਣੇ ਲਾ ਦਿੱਤਾ ਸੀ। ਜਿਸ ਤੋਂ ਬਾਅਦ ਅਗਲੇ ਹੀ ਦਿਨ ਇੰਸਪੈਕਟਰ ਨਰਿੰਦਰ ਸਿੰਘ ਨੇ ਏਕੇ–47 ਰਾਈਫ਼ਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ।