ਫਰੀਦਕੋਟ/ਨਾਭਾ: ਨਾਭਾ ਜੇਲ 'ਚ ਬੀਤੇ ਸ਼ਨੀਵਾਰ ਨੂੰ ਬਰਗਾੜੀ ਬੇਅਦਬੀ ਮਾਮਲੇ ਦੀ ਸਾਜ਼ਿਸ਼ ਦੇ ਮੁੱਖ ਮੁਲਜ਼ਮ ਤੇ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਸਿੰਘ ਉਰਫ਼ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਤੇ 2 ਦਿਨਾਂ ਦੇ ਤਣਾਅ ਤੋਂ ਬਾਅਦ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਉੱਚ ਪੱਧਰੀ ਕਮੇਟੀ ਤੋਂ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਅੱਜ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਕੀਤਾ ਗਿਆ।
ਸੋਸ਼ਲ ਮੀਡੀਆ ਦੀ ਇੱਕ ਪੋਸਟ ਰਾਹੀਂ ਮਹਿੰਦਰਪਾਲ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਗੈਂਗ ਨੇ ਲਈ, ਜਿਸ ਦੇ ਦੋ ਸਾਥੀ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਵੀ ਨਾਭਾ ਜੇਲ੍ਹ 'ਚ ਹੀ ਕੈਦ ਹਨ। ਉਸ ਸ਼ਾਮ ਲਗਭਗ ਸ਼ਾਮ ਸਵਾ 5 ਵਜੇ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਆਰੋਪੀ ਮਹਿੰਦਰਪਾਲ ਸਿੰਘ ਬਿੱਟੂ ਦੀ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨਾਲ ਲੜਾਈ ਹੋ ਗਈ, ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਦੋਵੇਂ ਜੇਲ੍ਹ 'ਚ ਉਸਾਰੀ ਲਈ ਪਏ ਲੋਹੇ ਦੇ ਸਰੀਏ ਚੁੱਕ ਲਿਆਏ ਤੇ ਮਹਿੰਦਰਪਾਲ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਸਿਵਲ ਹਸਪਤਾਲ ਨਾਭਾ ਨੇ ਮਹਿੰਦਰਪਾਲ ਨੂੰ ਮ੍ਰਿਤ ਐਲਾਨ ਦਿੱਤਾ।
ਜਿਸ ਤਰ੍ਹਾਂ ਜੇਲ੍ਹ ਦੇ ਅੰਦਰ ਹੀ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ, ਉਸ ਤੋਂ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਕਈ ਸਵਾਲ ਚੁੱਕੇ ਗਏ ਹਨ, ਆਖਿਰ ਜੇਲ੍ਹ ਦੀ ਸੁਰੱਖਿਆ 'ਚ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋ ਸਕਦੀ ਹੈ?
ਦੱਸ ਦਈਏ ਕਿ ਪਿਛਲੇ ਸਾਲ ਬਿੱਟੂ ਸਮੇਤ ਕਰੀਬ 10 ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਹੋਈ ਤੇ ਉਨ੍ਹਾਂ ਨੂੰ ਤੁਰੰਤ ਫਰੀਦਕੋਟ ਜੇਲ੍ਹ ਭੇਜਿਆ ਗਿਆ। ਉੱਥੇ ਇਨ੍ਹਾਂ ਮੁਲਜ਼ਮਾਂ ਨੂੰ ਬਕਾਇਦਾ ਸਪੈਸ਼ਲ ਬੈਰਕ ਵਿੱਚ ਰੱਖਿਆ ਗਿਆ, ਜਿਸਦੇ 3 ਦਰਵਾਜ਼ੇ ਸਨ ਅਤੇ ਤਿੰਨਾਂ ਨੂੰ ਲਾਕ ਵੀ ਕੀਤਾ ਹੋਇਆ ਸੀ। ਮਿਲਣ ਲਈ ਵੀ ਜੇ ਕੋਈ ਆਉਂਦਾ ਸੀ ਤਾਂ ਸਖ਼ਤ ਸੁਰੱਖਿਆ 'ਚ ਮੁਲਾਕਾਤ ਕਰਾਈ ਜਾਂਦੀ ਸੀ। ਇੱਥੋਂ ਤੱਕ ਕਿ ਬਾਕੀ ਕੈਦੀਆਂ ਨਾਲੋਂ ਇਨ੍ਹਾਂ ਕੈਦੀਆਂ ਦੇ ਖਾਣ-ਪੀਣ ਦਾ ਸਮਾਂ ਵੀ ਅਲੱਗ ਸੀ, ਫਿਰ ਕਿਉਂ ਇਨ੍ਹਾਂ ਕੈਦੀਆਂ ਨੂੰ ਫਰੀਦਕੋਟ ਤੋਂ ਨਾਭਾ ਸ਼ਿਫਟ ਕੀਤਾ ਗਿਆ।
ਉੱਥੇ ਹੀ ਪਰਿਵਾਰ ਨੇ ਵੀ ਜੇਲ੍ਹ ਚ ਸੁਰੱਖਿਆ ਵਿਵਸਥਾ ਚ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਤੇ ਪਰਿਵਾਰ ਮੁਤਾਬਕ ਫਰੀਦਕੋਟ ਜੇਲ੍ਹ ਚ ਵੀ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਣ ਦੇ ਚੱਲਦੇ ਉਨ੍ਹਾਂ ਨੂੰ ਨਾਭਾ ਸ਼ਿਫਟ ਕੀਤਾ ਗਿਆ। ਪਰ, ਜੇ ਸ਼ਿਫਟ ਕੀਤਾ ਹੀ ਸੀ ਤਾਂ ਨਾਭਾ ਜੇਲ੍ਹ 'ਚ ਸੁਰੱਖਿਆ 'ਚ ਲਾਪਰਵਾਹੀ ਕਿਉਂ ਵਰਤੀ ਗਈ। ਉਸ ਦਿਨ ਕਿਉਂ ਬਿਨਾ ਕਿਸੇ ਸੁਰੱਖਿਆ ਦੇ ਮਹਿੰਦਰਪਾਲ ਨੂੰ ਬਾਹਰ ਕੱਢਿਆ ਗਿਆ।
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਮੰਨੀਏ ਤਾਂ ਪਰਿਵਾਰ ਦੇ ਇਲਜ਼ਾਮ ਗਲਤ ਹਨ ਤੇ ਮਹਿੰਦਰਪਾਲ ਦੀ ਸੁਰੱਖਿਆ ਲਈ ਦੋ ਗਾਰਡ ਲਗਾਏ ਗਏ ਸਨ, ਜੋ ਹਰ ਵੇਲ੍ਹੇ ਉਸ ਦੇ ਨਾਲ ਰਹਿੰਦੇ ਸਨ।
ਪਰਿਵਾਰ ਦੀ ਨਾਰਾਜ਼ਗੀ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਿਵਾਰ ਤੇ ਡੇਰਾ ਪ੍ਰੇਮੀਆਂ ਦੀ 45 ਮੈਂਬਰੀ ਕਮੇਟੀ ਨਾਲ ਬੈਠਕ ਕੀਤੀ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦਾ ਭਰੋਸਾ ਦਵਾਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਮੈਂਬਰੀ ਐਸਆਈਟੀ ਦਾ ਵੀ ਗਠਨ ਕੀਤਾ ਹੈ।
ਕੌਣ ਸੀ ਮਹਿੰਦਰਪਾਲ ਬਿੱਟੂ?
ਹੁਣ ਤੁਹਾਨੂੰ ਮੋਟਾ-ਮੋਟਾ ਇਹ ਦੱਸ ਦਿੰਦੇ ਹਾਂ ਕਿ ਮਹਿੰਦਰਪਾਲ ਬਿੱਟੂ ਕੌਣ ਸੀ, ਕੀ ਪਿਛੋਕੜ ਸੀ ਤੇ ਕਿੰਨੇ ਮਾਮਲੇ ਦਰਜ ਸਨ ਮਹਿੰਦਰਪਾਲ ਬਿੱਟੂ 'ਤੇ-
- 49 ਸਾਲ ਦਾ ਮਹਿੰਦਰਪਾਲ ਬਿੱਟੂ ਫਰੀਦਕੋਟ ਦਾ ਰਹਿਣ ਵਾਲਾ ਸੀ, ਬਿੱਟੂ 'ਤੇ ਕੁੱਲ 3 ਮਾਮਲੇ ਦਰਜ ਸਨ।
- ਬੁਰਜਜਵਾਹਰ ਸਿੰਘ ਵਾਲਾ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਵਰੂਪ ਚੋਰੀ ਕਰਨ ਦਾ ਮਾਮਲਾ।
- ਮੋਗਾ 'ਚ ਪ੍ਰਦਰਸ਼ਨ ਦੌਰਾਨ ਬਸ ਸਾੜਨ, 2015 'ਚ ਬਰਗਾੜੀ ਬੇਅਦਬੀ ਦਾ ਮਾਮਲਾ ਦਰਜ ਸੀ।
- ਮਹਿੰਦਰਪਾਲ ਬਿੱਟੂ ਅਗਸਤ 2017 ਤੋਂ ਫਰਾਰ ਚੱਲ ਰਿਹਾ ਸੀ।
- 7 ਜੂਨ 2018 ਨੂੰ ਬਰਗਾੜੀ ਕੇਸ ਦੀ ਜਾਂਚ ਦੌਰਾਨ SIT ਨੇ ਹਿਮਾਚਲ ਦੇ ਪਾਲਮਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।