ਫਰੀਦਕੋਟ: ਪੰਜਾਬ ਸਰਕਾਰ ਵੱਲੋਂ ਫਰੰਟ ਲਾਈਨ ਵਰਕਰਾਂ, ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ 60 ਸਾਲ ਅਤੇ ਇਸ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾ ਰਿਹਾ ਹੈ। ਕੋਵਿਡ -19 ਟੀਕਾਕਰਨ ਦੇ ਇਸ ਮੁਹਿੰਮ ਤਹਿਤ ਐਸਡੀਐਮ ਡਾ. ਮਨਦੀਪ ਕੌਰ ਨੇ ਸਿਵਲ ਹਸਪਤਾਲ ਜੈਤੋ ਵਿਖੇ ਜਾ ਕੇ ਆਪਣਾ ਅਤੇ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਵਿਡ-19 ਮਹਾਂਮਾਰੀ ਰੋਧਕ ਟੀਕੇ ਦੀ ਪਹਿਲੀ ਡੋਜ਼ ਲਗਵਾਈ।
ਇਸ ਮੌਕੇ ਵੈਕਸੀਨੇਸ਼ਨ ਡਰਾਈਵ ਕੋਵਿਡ-19 ਵਿਰੁੱਧ ਪਹਿਲੀ ਵੈਕਸੀਨ ਲਗਵਾਉਣ ਉਪਰੰਤ ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਉਨਾਂ ਆਮ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਆ ਕੇ ਆਪਣੀ ਵੈਕਸੀਨ ਸਮੇਂ ਸਿਰ ਲੈਣ ਤਾਂ ਜ਼ੋ ਉਨ੍ਹਾਂ ਦੀ ਸਿਹਤ ਠੀਕ ਰਹੇ ਅਤੇ ਅੱਗੇ ਕੋਵਿਡ ਇੰਨਫੈਕਸ਼ਨ ਤੋਂ ਉਨਾਂ ਦਾ ਬਚਾਅ ਰਹੇ।
ਇਸ ਤੋਂ ਇਲਾਵਾ ਐਸਡੀਐਮ ਨੇ ਲੋਕਾਂ ਨੂੰ ਕਿਹਾ ਕਿ ਜਿਨ੍ਹੀ ਜਲਦੀ ਵੈਕਸੀਨੇਸ਼ਨ ਕਰਵਾਈ ਜਾਵੇਗੀ ਉਨ੍ਹਾਂ ਹੀ ਜਲਦੀ ਕੋਵਿਡ-19 ਦੀ ਲੜੀ ਨੂੰ ਤੋੜਿਆ ਜਾ ਸਕੇਗਾ। ਕੋਵਿਡ 19 ਦੀ ਵੈਕਸੀਨ ਲਗਾਉਣ ਨਾਲ ਇੰਮਿਊਨਿਟੀ ਬਣ ਜਾਂਦੀ ਹੈ ਅਤੇ ਇਸ ਦੀ ਦੂਸਰੀ ਡੋਜ਼ 28 ਦਿਨ ਬਾਅਦ ਲਗਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਲਈ ਇਸ ਮੁਹਿੰਮ ਵਿੱਚ ਹਿੱਸੇਦਾਰ ਬਣਨਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
ਬਿਨਾਂ ਡਰ ਤੋਂ ਲੋਕ ਕਰਵਾ ਰਹੇ ਹਨ ਟੀਕਾਕਰਨ
ਇਸ ਮੌਕੇ ਡਾ. ਵਰਿੰਦਰ ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਆ ਕੇ ਆਪਣੀ ਵੈਕਸੀਨ ਸਮੇਂ ਸਿਰ ਲੈਣ ਤਾਂ ਜ਼ੋ ਅੱਗੇ ਕੋਵਿਡ ਇੰਨਫੈਕਸ਼ਨ ਤੋਂ ਉਨਾਂ ਦਾ ਬਚਾਅ ਹੋ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਹ ਵੈਕਸੀਨ 500 ਵੱਧ ਲੋਕ ਲਗਵਾ ਚੁੱਕੇ ਹਨ ਤੇ ਹਰ ਰੋਜ਼ 40 ਦੇ ਕਰੀਬ ਲੋਕ ਬਿਨਾਂ ਕਿਸੇ ਡਰ ਤੋਂ ਲਗਵਾ ਰਹੇ ਹਨ।