ਫ਼ਰੀਦਕੋਟ: ਪੁਲਿਸ ਹਿਰਾਸਤ 'ਚ ਹੋਈ ਜਸਪਾਲ ਦੀ ਮੌਤ ਦੇ ਮਾਮਲੇ 'ਚ ਧਰਨੇ 'ਤੇ ਬੈਠੇ ਪਰਿਵਾਰ ਵਾਲਿਆਂ ਨੂੰ ਤਹਿਸੀਲਦਾਰ ਲਵਪ੍ਰੀਤ ਕੌਰ ਮਿਲੀ। ਇਸ ਦੌਰਾਨ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਲਾਸ਼, ਮੋਬਾਈਲ ਜਾਂ ਉਸ ਦੇ ਕੱਪੜੇ ਦੇਣ ਦੀ ਮੰਗ ਕੀਤੀ।
ਇਸ ਮੌਕੇ ਲਵਪ੍ਰੀਤ ਕੌਰ ਨੇ ਪਰਿਵਾਰ ਵਾਲਿਆਂ ਨੂੰ ਧਰਨਾ ਚੁੱਕਣ ਬਾਰੇ ਕਿਹਾ ਤਾਂ ਪਰਿਵਾਰ ਵਾਲਿਆਂ ਨੇ ਇਨਕਾਰ ਕਰ ਦਿੱਤਾ। ਮ੍ਰਿਤਕ ਦੇ ਨਾਨਾ ਹੀਰਾ ਸਿੰਘ ਨੇ ਕਿਹਾ ਕਿ ਸਾਨੂੰ ਪੁਲਿਸ ਵਾਲੇ ਸਾਡੇ ਬੱਚੇ ਦੀਆਂ ਵਸਤਾਂ, ਮੋਬਾਈਲ, ਪਰਸ ਜਾਂ ਕੱਪੜੇ ਦੇ ਦੇਣ ਅਸੀਂ ਧਰਨਾ ਚੁੱਕ ਦੇਵਾਂਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਸਾਡੇ ਬੱਚੇ ਦੀ ਕੋਈ ਚੀਜ਼ ਨਹੀਂ ਦਿੰਦੀ, ਉਦੋਂ ਤੱਕ ਅਸੀਂ ਧਰਨਾ ਨਹੀਂ ਚੁੱਕਾਂਗੇ, ਭਾਵੇਂ ਸਾਡੇ 'ਤੇ ਡਾਂਗਾ-ਸੋਟੀਆਂ ਚਲਾਈਆਂ ਜਾਣ।
ਜ਼ਿਕਰਯੋਗ ਹੈ ਕਿ 18 ਮਈ ਨੂੰ ਪੁਲਿਸ ਦੀ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਖ਼ੁਦਰ-ਬੁਰਦ ਕਰ ਦਿੱਤਾ ਗਿਆ। ਇਸ ਮਗਰੋਂ ਪਰਿਵਾਰ ਵਾਲਿਆਂ ਦਾ ਲਾਸ਼ ਲਈ ਧਰਨਾ ਜਾਰੀ ਹੈ ਪਰ ਹਾਲੇ ਤੱਕ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਪੁੱਤਰ ਜਸਪਾਲ ਸਿੰਘ ਦੀ ਲਾਸ਼ ਨਹੀਂ ਮਿਲੀ ਹੈ।