ਫਰੀਦਕੋਟ: ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਉਨ੍ਹਾਂ ਆਪਣੀ ਹੋਂਦ, ਆਪਣੀ ਪੰਜਾਬੀਅਤ ਤੇ ਮਾਂ ਬੋਲੀ ਨੂੰ ਹਰ ਖੇਤਰ ’ਚ ਵਿਕਸਿਤ ਕੀਤਾ ਹੈ। ਹਰ ਕੰਮ ਨੂੰ ਦਿਲ ਲਗਾ ਕੇ ਹਰ ਖੇਤਰ ’ਚ ਝੰਡੇ ਗੱਡਣ ਵਾਲੀ ਇਸ ਕੌਮ ਨੂੰ ਹਰ ਕੋਈ ਪਹਿਚਾਣਦਾ ਹੈ।
ਉੱਥੇ ਹੀ ਜੇਕਰ ਕਿਸੇ ਵੀ ਦੇਸ਼ ’ਚ ਪੰਜਾਬੀਆਂ ਦਾ ਵਾਸਾ ਹੋਵੇ ਤੇ ਉਹ ਸਿਆਸਤ ’ਚ ਪਿੱਛੇ ਰਹਿ ਜਾਣ ਇਹ ਹੋ ਹੀ ਨਹੀਂ ਸਕਦਾ ਅਜਿਹੀ ਮਿਸਾਲ ਹੁਣ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਤੋਂ ਜਿੱਥੇ ਦੇ ਗੁਰਿੰਦਰ ਸਿੰਘ ਬਰਾੜ ਨਾਮ ਦਾ ਨੌਜਵਾਨ ਕਰੀਬ 10 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਅਲਬਰਟਾ ਦੀ ਧਰਤੀ ’ਤੇ ਪੜ੍ਹਾਈ ਲਈ ਗਿਆ ਸੀ। ਪੜ੍ਹਾਈ ਦੌਰਾਨ ਕੀਤੀ ਹੱਢ ਤੋੜਵੀਂ ਮਿਹਨਤ ਸਦਕਾ ਅੱਜ ਉਨ੍ਹਾਂ ਦਾ ਨਾਮ ਕੈਨੇਡਾ ਦੀ ਸਿਆਸਤ ਚ ਵੀ ਬੋਲ ਰਿਹਾ ਹੈ। ਗੁਰਬਿੰਦ ਬਰਾੜ ਨੂੰ ਅਲਬਰਟਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਵੱਲੋਂ ਕੈਲਗਰੀ ਤੋਂ ਛੋਟੀ ਉਮਰ ’ਚ ਹੀ ਉਨ੍ਹਾਂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ।
ਇਸਦੇ ਚੱਲਦੇ ਹੁਣ ਗੁਰਿੰਦਰ ਸਿੰਘ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਣ ਲਈ ਪੰਜਾਬ ਆਪਣੇ ਫਰੀਦਕੋਟ ਵਿਖੇ ਘਰ ਪਹੁੰਚਿਆ ਹੈ। ਉਨ੍ਹਾਂ ਦੇ ਕੈਨੇਡਾ ਦੀ ਸਿਆਸਤ ਵਿੱਚ ਆਉਣ ਨੂੰ ਲੈਕੇ ਪੂਰੇ ਪਰਿਵਾਰ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕੇ ਗੁਰਿੰਦਰ ਆਪਣੇ ਤਾਇਆ ਜੀ ਤੋਂ ਪ੍ਰਭਾਵਿਤ ਹੋਕੇ ਇਸ ਸਿਆਸਤ ਵਿੱਚ ਆਇਆ ਅਤੇ ਐੱਨਡੀਏ ਪਾਰਟੀ ਵੱਲੋਂ ਨੌਜਵਾਨਾਂ ਦੀ ਅਗਵਾਈ ਕੀਤੀ। ਇਸਤੋਂ ਪਹਿਲਾਂ ਗੁਰਿੰਦਰ ਦੇ ਤਾਇਆ ਗੁਰਬਚਨ ਸਿੰਘ ਵੀ ਉਸੇ ਸੀਟ ਤੋਂ NDP ਲਈ ਚੋਣ ਲੜ ਚੁੱਕੇ ਹਨ।
ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਆਪਣੇ ਚੰਗੇਰੇ ਭਵਿੱਖ ਲਈ ਅਗਲੀ ਪੜ੍ਹਾਈ ਲਈ ਕੈਨੇਡਾ ਦੇ ਅਲਬਰਟਾ ਸ਼ਹਿਰ ਵਿੱਚ ਗਿਆ ਸੀ ਜਿੱਥੇ ਉਸਨੇ ਆਪਣੀ ਪੜ੍ਹਾਈ ਕੀਤੀ ਅਤੇ ਨਾਲ ਨਾਲ ਇਕ ਛੋਟਾ ਬਿਜ਼ਨੈੱਸ ਵੀ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਇਸਦੇ ਕੰਮ ਦੌਰਾਨ ਹੀ ਉਨ੍ਹਾਂ ਆਪਣੇ ਤਾਇਆ ਜੀ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਵਿੱਚ ਪੈਰ ਰੱਖਿਆ ਅਤੇ ਐੱਨਡੀਏ ਪਾਰਟੀ ਵਿੱਚ ਰਹਿ ਕੇ ਕੰਮ ਵੀ ਕੀਤਾ ਅਤੇ ਨੌਜਵਾਨਾਂ ਦੀ ਅਗਵਾਈ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਐਨਡੀਏ ਪਾਰਟੀ ਵੱਲੋਂ ਉੁਨ੍ਹਾਂ ਨੂੰ ਅਲਬਰਟਾ ਵਿਖੇ ਕੈਂਡੀਡੇਟ ਐਲਾਨਿਆ ਗਿਆ ਹੈ ਜਿਸ ਲਈ ਉਹ ਪੁਰਜ਼ੋਰ ਮਿਹਨਤ ਕਰਕੇ ਇਹ ਸੀਟ ਐੱਨਡੀਏ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਗੁਰਿੰਦਰ ਬਰਾੜ ਦੇ ਤਾਇਆ ਗੁਰਬਚਨ ਸਿੰਘ ਨੇ ਦੱਸਿਆ ਕਿ ਉਹ ਐੱਨਡੀਏ ਪਾਰਟੀ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਅਲਬਰਟਾ ਦੇ ਕੈਲਗਰੀ ਤੋਂ ਇਲੈਕਸ਼ਨ ਲੜ ਚੁੱਕੇ ਹਨ।
ਗੁਰਬਚਨ ਸਿੰਘ ਨੇ ਦੱਸਿਆ ਕਿ ਰਾਜਨੀਤੀ ਵਿੱਚ ਉਨ੍ਹਾਂ ਦਾ ਭਤੀਜਾ ਵੀ ਉਨ੍ਹਾਂ ਦੇ ਨਾਲ ਹੀ ਕੰਮ ਕਰਦਾ ਰਿਹਾ ਹੈ ਅਤੇ ਪਾਰਟੀ ਨੇ ਉਸਦੀ ਕਾਬਲੀਅਤ ਨੂੰ ਵੇਖਦੇ ਹੋਏ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਪੰਜਾਬ ਵਿੱਚ ਇੱਕ ਵਾਰ ਵੀ ਜਿਸ ਨੇ ਵੋਟ ਨਹੀਂ ਪਾਈ ਹੈ ਅੱਜ ਅਲਬਰਟਾ ਤੋਂ ਉਮੀਦਵਾਰ ਹੈ ਅਤੇ ਉਹ ਉਸ ਦੀ ਜਿੱਤ ਲਈ ਪੂਰਨ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ: ਚੰਗੀ ਸਿੱਖਿਆ, ਰੁਜ਼ਗਾਰ ਤੇ ਉੱਚੇ ਜੀਵਨ ਪੱਧਰ ਲਈ ਪੰਜਾਬੀਆਂ ਦੀ ਵਿਦੇਸ਼ਾਂ ਵੱਲ ਦੌੜ ਜਾਰੀ, ਜਾਣੋ ਅੰਕੜਾ