ਫ਼ਰੀਦਕੋਟ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਰਜ਼ ਦੇ ਬੋਝ ਥੱਲੇ ਦੱਬੇ ਅਤੇ ਪਰਾਲੀ ਫੂਕਣ ਦੇ ਕੇਸ 'ਚ ਘਿਰੇ ਕਿਸਾਨ ਜਗਸੀਰ ਸਿੰਘ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਉੱਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਇਸ ਲਈ ਪੰਜਾਬ ਸਰਕਾਰ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ ਹੈ । ਜਗਸੀਰ ਸਿੰਘ ਨੇ ਸ਼ਨੀਵਾਰ ਨੂੰ ਪਰਾਲੀ ਕੇਸਾਂ ਦੇ ਨਿਪਟਾਰੇ ਲਈ ਚੱਲ ਰਹੇ ਕਿਸਾਨ ਮੋਰਚੇ ਵਾਲੀ ਜਗ੍ਹਾ ਤੇ ਖ਼ੁਦਕੁਸ਼ੀ ਕਰ ਲਈ ਸੀ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਸਬੰਧੀ ਸੂਬਾ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਰਵੱਈਆ ਨਾ ਕੇਵਲ ਕਿਸਾਨ ਸਗੋਂ ਵਾਤਾਵਰਨ ਵਿਰੋਧੀ ਵੀ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰਾਂ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਇੱਕ ਪਾਸੜ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਕਿਸਾਨਾਂ ਤੇ ਨਹੀਂ ਥੋਪ ਸਕਦੀਆਂ। ਉਨ੍ਹਾਂ ਕਿਹਾ ਕਿ ਇਹ ਅੰਨਦਾਤਾ ਨਾਲ ਸਰਾਸਰ ਧੱਕਾ ਹੈ ਕਿ ਵਾਤਾਵਰਨ ਬਚਾਉਣ ਦੀ ਸਾਰੀ ਜ਼ਿੰਮੇਵਾਰੀ ਕਿਸਾਨਾਂ 'ਤੇ ਸੁੱਟ ਕੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਣ ।
ਸੰਧਵਾਂ ਨੇ ਕਿਹਾ ਕਿ ਪਰਾਲੀ ਦੇ ਸਹੀ ਅਤੇ ਸੁਰੱਖਿਅਤ ਨਿਪਟਾਰੇ ਲਈ ਪ੍ਰਤੀ ਏਕੜ ਛੇ ਤੋਂ ਸੱਤ ਹਜ਼ਾਰ ਰੁਪਏ ਦਾ ਖ਼ਰਚ ਹੈ, ਜੋ ਕਿਸੇ ਵੀ ਕਿਸਾਨ ਦੀ ਸਮਰੱਥਾ 'ਚ ਨਹੀਂ ਹੈ। ਇਸ ਲਈ ਸਰਕਾਰਾਂ ਲੋਹੜੀ ਦੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਨ ਦੇ ਨਾਲ ਨਾਲ ਘੱਟੋ ਘੱਟ 200 ਰੁਪਏ ਪ੍ਰਤੀ ਏਕੜ ਬੋਨਸ ਝੋਨੇ ਦੀ ਫ਼ਸਲ ਤੇ ਯਕੀਨੀ ਬਣਾਉਣ।
ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੁਗ਼ਲਕੀ ਫ਼ਰਮਾਨ ਨਾਲ ਕਿਸਾਨਾਂ 'ਤੇ ਪਰਾਲੀ ਫੂਕਣ ਦੇ ਦੋਸ਼ਾਂ ਚ ਦਰਜ ਕੀਤੇ ਹਜ਼ਾਰਾਂ ਕੇਸ ਤੁਰੰਤ ਰੱਦ ਕੀਤੇ ਜਾਣ। ਸੰਧਵਾਂ ਨੇ ਮ੍ਰਿਤਕ ਕਿਸਾਨ ਜਗਸੀਰ ਸਿੰਘ ਦੇ ਪਰਿਵਾਰ ਤੇ ਚੜ੍ਹੇ ਸਾਰੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਇਲਾਵਾ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ।
ਸੰਧਵਾਂ ਨੇ ਕਿਸਾਨ ਯੂਨੀਅਨ ਆਗੂਆਂ ਦੇ ਹਵਾਲੇ ਨਾਲ ਕਿਹਾ ਕਿ ਜੈਤੋ ਦੇ ਧਰਨਾ ਸਥਾਨ 'ਤੇ ਸਥਾਨਕ ਐਸਡੀਐਮ ਵੱਲੋਂ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ, ਜਿਸ ਕਾਰਨ ਇਹ ਕਿਸਾਨ ਮਾਨਸਿਕ ਤੌਰ ਤੇ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਸੀ। ਜਿਸ ਦਾ ਨਤੀਜਾ ਖ਼ੁਦਕੁਸ਼ੀ ਵਰਗਾ ਘਾਤਕ ਕਦਮ ਨਿਕਲਿਆ । ਸੰਧਵਾਂ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ।