ਚੰਡੀਗੜ੍ਹ: ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਚਾਲੂ ਸੈਸ਼ਨ ਦੇ ਆਪਣੇ ਸਾਰੇ ਕੋਰਸਾਂ ਲਈ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਹ ਪ੍ਰਗਟਾਵਾ ਅੱਜ ਇਥੇ ਵਿਭਾਗ ਦੇ ਇਕ ਬੁਲਾਰੇ ਨੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀਆਂ 4000 ਤੋਂ ਵੱਧ ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਟੈਕਨੀਸ਼ੀਅਨ, ਸਟਾਫ਼ ਨਰਸਾਂ, ਫਾਰਮਾਸਿਸਟ, ਅਪਥਾਲਮਿਕ ਅਫ਼ਸਰ, ਮੈਡੀਕਲ/ਮਨੋਰੋਗ ਸੋਸ਼ਲ ਵਰਕਰ, ਆਪ੍ਰੇਸ਼ਨ ਥੀਏਟਰ ਅਸਿਸਟੈਂਟਸ, ਖੁਰਾਕ ਸੁਪਰਵਾਈਜ਼ਰ ਆਦਿ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਕਰਕੇ ਡਾਕਟਰੀ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਦੀ ਜ਼ਿੰਮੇਵਾਰੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਨੂੰ ਦਿੱਤੀ ਗਈ ਹੈ।
ਯੂਨੀਵਰਸਿਟੀ ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਪ੍ਰੀਖਿਆਵਾਂ ਲਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਸਿਹਤ ਵਿਗਿਆਨ ਨਾਲ ਸਬੰਧਤ ਵੱਖ-ਵੱਖ ਕੋਰਸਾਂ ਦੇ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਨਾਲ ਸਬੰਧਤ ਵੱਖ-ਵੱਖ ਕੋਰਸਾਂ ਦੀਆਂ ਪ੍ਰੀਖਿਆਵਾਂ ਦੇ ਸ਼ਡਿਊਲ ਨੂੰ ਪਹਿਲਾਂ ਹੀ ਨੋਟੀਫਾਈ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਮੁੱਚੇ ਹਿੱਤ ਅਤੇ ਪੰਜਾਬ ਵਿੱਚ ਕੋਵਿਡ -19 ਫੈਲਾਅ ਦੇ ਮੱਦੇਨਜ਼ਰ, ਉਪ ਕੁਲਪਤੀ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਪਹਿਲਾਂ ਤੋਂ ਨੋਟੀਫਾਈ ਕੀਤੇ ਦਿਸ਼ਾ-ਨਿਰਦੇਸ਼ਾਂ ਅਤੇ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪ੍ਰੀਖਿਆਵਾਂ ਕਰਵਾਉਣਗੇ।
ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਉੱਚ ਸਿੱਖਿਆ ਵਿਭਾਗ ਨੇ ਵੀ ਬਾਅਦ ਵਿੱਚ ਇਹ ਸਪੱਸ਼ਟ ਕੀਤਾ ਕਿ ਕੋਵਿਡ ਕਾਰਨ ਕੱਲ੍ਹ ਜਾਰੀ ਪ੍ਰੀਖਿਆ ਨਾ ਕਰਵਾਉਣ ਦੀਆਂ ਹਦਾਇਤਾਂ ਮੈਡੀਕਲ ਸਿੱਖਿਆ ਵਿਭਾਗ ’ਤੇ ਲਾਗੂ ਨਹੀਂ ਹੁੰਦੀਆਂ।