ਫਰੀਦਕੋਟ: ਇੱਕ ਪਾਸੇ ਕੇਂਦਰ ਸਰਕਾਰ (Central Government) ਵੱਲੋਂ ਅਗਨੀਪਥ ਯੋਜਨਾ ਤਹਿਤ ਲਏ ਫੈਸਲੇ ਦਾ ਪੂਰੇ ਦੇਸ਼ ‘ਚ ਵਿਰੋਧ ਹੋ ਰਿਹਾ ਹੈ। ਇੱਥੋਂ ਤੱਕ ਕੇ ਭੜਕੇ ਹੋਏ ਨੌਜਵਾਨਾਂ, ਲੋਕਾਂ ਵੱਲੋਂ ਟ੍ਰੇਨਾਂ, ਬਸਾਂ ਫੂਕਣ ਦੇ ਨਾਲ-ਨਾਲ ਵੱਡੀਆਂ ਹਿੰਸਕ ਘਟਨਾਵਾਂ ਨੂੰ ਅੰਜਮ ਤੱਕ ਦੇ ਦਿੱਤਾ ਅਤੇ ਉਹ ਹਿੰਸਕ ਘਟਨਾਵਾਂ ਹਾਲੇ ਵੀ ਜਾਰੀ ਹਨ, ਦੂਜੇ ਪਾਸੇ ਕਿਤੇ ਨਾਂ ਕਿਤੇ ਫੌਜ ਵਿੱਚ ਭਰਤੀ ਹੋਣ ਲਈ ਪਿਛਲੇ ਸਮੇਂ ਤੋਂ ਸੈਨਿਕ ਅਕੈਡਮੀਆਂ ਰਾਹੀਂ ਟਰੇਨਿਗ ਲੈ ਰਹੇ ਨੌਜਵਾਨ ਹਾਲੇ ਵੀ ਉਮੀਦਾਂ ਲਗਾਈ ਬੈਠੇ ਹਨ, ਕਿ ਸ਼ਾਈਦ ਕੇਂਦਰ ਸਰਕਾਰ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਲੈ ਲਵੇ।
ਫਰੀਦਕੋਟ ਵਿੱਚ ਇੱਕ ਸੈਨਿਕ ਅਕੈਡਮੀ (A military academy in Faridkot) ਵਿੱਚ ਅੱਜ ਵੀ ਫੌਜ ‘ਚ ਭਰਤੀ ਹੋਣ ਲਈ ਨੌਜਵਾਨ ਟਰੇਨਿੰਗ ਕਰ ਰਹੇ ਹਨ। ਜਦੋਂ ਸਾਡੀ ਟੀਮ ਨੇ ਉਕਤ ਅਕੈਡਮੀ ਵਿੱਚ ਪਹੁੰਚ ਕੇ ਟਰੇਨਿੰਗ ਲੈਣ ਵਾਲੇ ਨੌਜਵਾਨਾਂ ਅਤੇ ਉਨ੍ਹਾਂ ਦੇ ਕੋਚ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕੇਂਦਰ ਸਰਕਾਰ ਦੇ ਫੈਸਲੇ ਨੂੰ ਗਲਤ ਫੈਸਲਾ ਦੱਸਿਆ, ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਦੇਸ਼ ਸੁਰੱਖਿਅਤ ਹੱਥਾਂ ਵਿੱਚ ਨਹੀਂ ਸਗੋਂ ਅਸੁਰੱਖਿਅਤ ਹੱਥਾਂ ਵਿੱਚ ਚਲੇ ਜਾਵੇਗਾ।
ਇਸ ਮੌਕੇ ਟਰੇਨਿੰਗ ਕਰ ਰਹੇ ਨੌਜਵਾਨਾਂ ਨੇ ਦੱਸਿਆ ਕਿ ਭਾਵੇਂ ਕਿ ਸਰਕਾਰ ਵੱਲੋਂ ਲਏ ਫੈਸਲੇ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ, ਪਰ ਸਾਡੇ ਹੌਂਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਸਾਡੇ ਉਸਤਾਦ ਵੱਲੋਂ ਦਿੱਤੇ ਹੌਂਸਲੇ ਕਰਕੇ ਅੱਜ ਵੀ ਉਹ ਆਪਣੇ ਭਵਿੱਖ ਲਈ ਸੋਚ ਕੇ ਟਰੇਨਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਮਾਤਾ-ਪਿਤਾ ਫੋਨ ਕਰਕੇ ਕਹਿ ਰਹੇ ਹਨ, ਕੇਂਦਰ ਸਰਕਾਰ ਵੱਲੋਂ ਅਗਨੀਪਥ ਸਕੀਮ ਲਿਆਉਣ ਤੋਂ ਬਾਅਦ ਤੁਹਾਡਾ ਭਵਿੱਖ ਖ਼ਤਰੇ ਵਿੱਚ ਹੈ, ਜਿਸ ਕਰਕੇ ਉਹ ਸਾਨੂੰ ਘਰੇ ਬੁਲਾ ਰਹੇ ਹਨ।
ਇਸ ਮੌਕੇ ਸੈਨਿਕ ਅਕੈਡਮੀਆਂ ‘ਚ ਟਰੇਨਿੰਗ ਦੇ ਰਹੇ ਕੋਚ ਨੇ ਕਿਹਾ ਕੇਂਦਰ ਸਰਕਾਰ ਤੁਰੰਤ ਇਸ ਸਕੀਮ ਨੂੰ ਵਾਪਸ ਲਵੇ ਅਤੇ ਪਹਿਲਾਂ ਦੀ ਤਰ੍ਹਾਂ ਹੀ ਭਾਰਤੀ ਫ਼ੌਜ ਦੀ ਭਰਤੀ ਦੀ ਪਕਿਰਿਆ ਨੂੰ ਜਾਰੀ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਹਾਲ ਵਿੱਚ ਇਹ ਸਕੀਮ ਵਾਪਸ ਲੈਣੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੀ ਸਰਕਾਰ ਭਾਰਤ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਹੈ ਤਾਂ ਉਹ ਦੇਸ਼ ਦੀ ਆਰਮੀ ਨੂੰ ਠੇਕੇ ‘ਤੇ ਨਾ ਦੇਵੇ।
ਇਹ ਵੀ ਪੜ੍ਹੋ: ਅਗਨੀਪਥ ਦਾ ਵਿਰੋਧ: ਰੇਲਵੇ ਸਟੇਸ਼ਨ ‘ਤੇ ਨੌਜਵਾਨਾਂ ਵੱਲੋਂ ਭੰਨਤੋੜ