ਫ਼ਰੀਦਕੋਟ: ਜਿੱਥੇ ਅੱਜ ਦੀਵਾਲੀ ਦੇ ਤਿਉਹਾਰ ਉੱਤੇ ਵੱਖ-ਵੱਖ ਦੁਕਾਨਦਾਰ ਅਤੇ ਕਾਰੋਬਾਰੀ ਗਾਹਕਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਾਮਾਨ ਦੇ ਸਟਾਲ ਲਗਾ ਰਹੇ ਹਨ ਉੱਥੇ ਹੀ ਇੱਥੇ ਦੇ ਇੱਕ ਨੌਜਵਾਨ ਨੇ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਨੂੰ ਸਮਝਦੇ ਹੋਏ ਫ਼ਰੀਦਕੋਟ ਸ਼ਹਿਰ ਦੇ ਮਸ਼ਹੂਰ ਘੰਟਾ ਘਰ ਚੌਂਕ ਵਿੱਚ ਇੱਕ ਕਿਤਾਬਾਂ ਦੀ ਸਟਾਲ ਲਗਾਇਆ ਹੈ ਜਿਸ ਨੂੰ ਨੌਜਵਾਨ ਨੇ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਦਾ ਨਾਂਅ ਦਿੱਤਾ ਹੈ।
ਕਿਤਾਬਾਂ ਦੇ ਸਟਾਲ ਦੇ ਪ੍ਰਬੰਧਕ ਲਵਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਰੌਸ਼ਨੀਆਂ ਅਤੇ ਚਾਨਣ ਦਾ ਪ੍ਰਤੀਕ ਹੈ ਉਵੇਂ ਹੀ ਕਿਤਾਬਾਂ ਮਨੁੱਖ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਦੀਵਾਲੀ ਉੱਤੇ ਦੀਵੇ ਬਾਲ ਕੇ ਆਪਣੇ ਘਰ ਨੂੰ ਜਗਮਗਉਂਦੇ ਹਾਂ। ਉਸੇ ਤਰ੍ਹਾਂ ਕਿਤਾਬਾਂ ਦੇ ਗਿਆਨ ਦਾ ਚਾਨਣ ਹੈ ਸਾਡੀ ਜਿੰਦਗੀ ਦੇ ਹਨੇਰੇ ਨੂੰ ਦੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਿਸੇ ਕਿਤਾਬ ਦੇ ਕਿਸੇ ਲੇਖ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਉਸ ਕਿਤਾਬ ਦੀ ਕੁਝ ਸਤਰਾਂ ਵਧਿਆ ਲਗਦੀਆਂ ਹਨ ਜਿਸ ਤੋਂ ਅਸੀਂ ਪ੍ਰਭਾਵਿਤ ਹੋ ਕੇ ਜਿੰਦਗੀ ਵਿੱਚ ਕੁਝ ਵੱਡਾ ਕਰ ਜਾਂਦੇ ਹਾਂ। ਇਸ ਕਰਕੇ ਹੀ ਉਨ੍ਹਾਂ ਨੇ ਦੀਵਾਲੀ ਉੱਤੇ ਕਿਤਾਬਾਂ ਦਾ ਸਟਾਲ ਲਗਾਇਆ ਹੈ ਤਾਂ ਜੋ ਲੋਕ ਘਰ ਨੂੰ ਰੋਸ਼ਨ ਕਰਨ ਦੇ ਸਮਾਨ ਦੇ ਨਾਲ ਜਿੰਦਗੀ ਨੂੰ ਰੋਸ਼ਨ ਕਰਨ ਵਾਲੀਆਂ ਕਿਤਾਬਾਂ ਖਰੀਦਣ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਦੀਵਾਲੀ ਮੌਕੇ ਲਗਾਤਾਰ ਦੂਸਰੀ ਵਾਰ ਕਿਤਾਬਾਂ ਦਾ ਠੇਕਾ ਖੋਲ੍ਹਿਆ ਗਿਆ ਹੈ ਤਾਂ ਜੋ ਸਮਾਜ ਦੇ ਨੌਜਵਾਨਾਂ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾ ਸਕੀਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੋਚ ਹੈ ਕਿ ਉਹ ਹਰ ਅਜਿਹੇ ਵੱਡੇ ਤਿਉਹਾਰ ਦੇ ਮੌਕੇ ਉੱਤੇ ਇਕੱਲੇ ਫ਼ਰੀਦਕੋਟ ਹੀ ਨਹੀਂ ਬਲਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਜਿਹੇ ਠੇਕੇ ਖੋਲ੍ਹ ਕੇ ਸਮਾਜ ਨੂੰ ਕਿਤਾਬਾਂ ਦੇ ਗਿਆਨ ਨਾਲ ਰੁਸ਼ਨਾ ਸਕੀਏ।