ਫ਼ਰੀਦਕੋਟ: ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਜ਼ਿਲ੍ਹੇ ਵਿੱਚ ਸਥਾਪਿਤ ਫਲੂ ਕਾਰਨਰ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਇਕਾਂਤਵਾਸ ਸੈਂਟਰਾਂ ਵਿੱਚ ਮੈਡੀਕਲ ਸਕਰੀਨਿੰਗ ਅਤੇ ਕੋਵਿਡ-19 ਦੇ ਸੈਂਪਲ ਲੈਣ ਦਾ ਕੰਮ ਚੱਲ ਰਿਹਾ ਹੈ ਅਤੇ ਹਰ ਪਿੰਡ-ਕਸਬੇ ਵਿੱਚ ਘਰ-ਘਰ ਸਰਵੇ ਦਾ ਕੰਮ ਵੀ ਜਾਰੀ ਹੈ।
ਸਿਵਲ ਸਰਜਨ ਫ਼ਰੀਦਕੋਟ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਹਜ਼ੂਰ ਸਾਹਿਬ ਤੋਂ ਫ਼ਰੀਦਕੋਟ ਪਹੁੰਚੇ 130 ਸ਼ਰਧਾਲੂਆਂ 'ਚੋਂ 37 ਪੌਜ਼ੀਟਿਵ, 71 ਨੈਗੇਟਿਵ, 22 ਦੀ ਰਿਪੋਰਟ ਪੈਂਡਿਗ ਹੈ ਅਤੇ ਹੋਰ ਆਏ ਨਤੀਜਿਆਂ ਵਿੱਚ 4 ਰਾਜਸਥਾਨ ਤੋਂ ਪਰਤੇ ਮਜ਼ਦੂਰਾਂ ਦੀ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਇਨ੍ਹਾਂ ਪੌਜ਼ੀਟਿਵ ਆਏ ਮਰੀਜ਼ਾਂ ਨੂੰ ਸਥਾਨਕ ਜੀ.ਜੀ.ਐਸ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਹੁਣ ਜ਼ਿਲ੍ਹਾ ਫ਼ਰੀਦਕੋਟ ਦੇ ਕੁੱਲ ਕੋਰੋਨਾ ਪੌਜ਼ੀਟਿਵ ਐਕਟਿਵ ਕੇਸ 44 ਹਨ।
ਜ਼ਿਲ੍ਹੇ ਦੇ ਤੀਸਰੇ ਪੌਜ਼ੀਟਿਵ ਮਰੀਜ਼ ਦਾ ਸੈਂਪਲ ਜੋ ਅੰਮ੍ਰਿਤਸਰ ਲੈਬ ਵਿੱਚ ਟੈਸਟ ਲਈ ਭੇਜਿਆ ਗਿਆ ਸੀ, ਉਸ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਉਸ ਮਰੀਜ਼ ਨੂੰ ਮੈਡੀਕਲ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਬਾਹਰਲੇ ਸੂਬਿਆਂ ਤੋਂ ਆਏ ਕਰੀਬ 1154 ਵਿਅਕਤੀਆਂ ਅਤੇ ਜ਼ਿਲ੍ਹੇ ਵਿੱਚ ਆਮ ਲੋਕਾਂ ਲਈ ਸਥਾਪਿਤ ਫਲੂ ਕਾਰਨਰ ਤੇ ਕੋਰੋਨਾ ਦੇ ਅੱਜ ਤੱਕ ਕੁੱਲ 1856 ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਜਾ ਚੁੱਕੇ ਹਨ।
ਇਹ ਵੀ ਪੜੋ:ਕੋਵਿਡ-19: ਪੰਜਾਬ 'ਚ 1,402 ਹੋਈ ਮਰੀਜ਼ਾਂ ਦੀ ਗਿਣਤੀ, 25 ਲੋਕਾਂ ਦੀ ਮੌਤ
ਡਾ.ਰਜਿੰਦਰ ਨੇ ਦੱਸਿਆ ਕਿ ਸਰਕਾਰ ਦੇ ਉਪਰਾਲੇ ਸਦਕਾਂ ਹੁਣ ਸੈਂਪਲਿੰਗ ਦੇ ਨਤੀਜਿਆਂ ਵਿੱਚ ਤੇਜੀ ਲਿਆਉਣ ਲਈ ਪ੍ਰਾਈਵੇਟ ਲਾਲ ਪੈਥ ਲੈਬ ਨਾਲ ਗੱਠਜੋੜ ਕਰ ਲਿਆ ਗਿਆ ਹੈ।