ਫਰੀਦਕੋਟ: ਜ਼ਿਲ੍ਹੇ ’ਚ ਹੋਣਹਾਰ ਸ਼ੂਟਿੰਗ ਦੀ ਖਿਡਾਰਨ (national shooting championship player) ਵੱਲੋਂ ਆਪਣੀ ਹੀ ਸ਼ੂਟਿੰਗ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਖੁਸ਼ਸੀਰਤ ਨਾਂ ਦੀ 19 ਸਾਲਾਂ ਲੜਕੀ ਵੱਲੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਖੁਦ ਨੂੰ ਗੋਲੀ ਮਾਰ ਲਈ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਖੁਸ਼ਸੀਰਤ ਕੁਝ ਦਿਨ ਪਹਿਲਾਂ ਇਜਪਿਟ ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ਦਾ ਹਿੱਸਾ ਬਣੀ ਸੀ ਜਿਸ ’ਚ ਉਹ ਕੋਈ ਮੈਡਲ ਹਾਸਿਲ ਨਹੀ ਕਰ ਸਕੀ ਅਤੇ ਬੀਤੇ ਦਿਨੀਂ ਪਟਿਆਲਾ ’ਚ ਹੋਈਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਚ ਵੀ ਕੋਈ ਮੈਡਲ ਹਾਸਿਲ ਨਾ ਕਰ ਸਕੀ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਗਈ। ਇਸ ਤੋਂ ਬਾਅਦ ਦੇਰ ਰਾਤ ਉਸ ਨੇ ਆਪਣੀ ਹੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ।
ਇਸ ਮੌਕੇ ਪਰਿਵਾਰ ਦੇ ਨਜ਼ਦੀਕੀ ਹਾਕੀ ਕੋਚ ਹਰਬੰਸ ਸਿੰਘ ਨੇ ਦੱਸਿਆ ਕਿ ਲੜਕੀ ਵੱਲੋਂ ਪਿਛਲੀਆਂ ਨੈਸ਼ਨਲ ਖੇਡਾਂ ਚ ਸ਼ੂਟਿੰਗ ਚ 11 ਮੈਡਲ ਹਾਸਿਲ ਕੀਤੇ ਸਨ ਜਿਸ ਤੋਂ ਬਾਅਦ ਉਸ ਦੀ ਚੋਣ ਇਜੀਪਟ ’ਚ ਹੋਣ ਵਾਲੇ ਵਰਲਡ ਕੱਪ ਚ ਹੋਈ। ਜਿਸ ਚ ਖੁਸ਼ਸੀਰਤ ਕੋਈ ਮੈਡਲ ਹਾਸਿਲ ਨਾ ਕਰ ਸਕੀ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਗਈ। ਹੁਣ ਕੁਝ ਦਿਨ ਪਹਿਲਾਂ ਪਟਿਆਲਾ ’ਚ ਹੋਈਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਜਿਸ ’ਚ ਵੀ ਉਹ ਕੋਈ ਮੈਡਲ ਹਾਸਿਲ ਨਾ ਕਰ ਸਕੀ ਜਿਸ ਕਾਰਨ ਉਹ ਹੋਰ ਵੀ ਜਿਆਦਾ ਨਿਰਾਸ਼ ਹੋ ਗਈ। ਜਦੋਂ ਉਹ ਘਰ ਵਾਪਸ ਆਈ ਤਾਂ ਉਹ ਚੁੱਪ-ਚੁੱਪ ਰਹਿਣ ਲੱਗੀ ਸੀ। ਬੀਤੀ ਦੇਰ ਰਾਤ ਉਸਨੇ ਆਪਣੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਮੌਕੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਤੜਕਸਾਰ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇਕ ਲੜਕੀ ਖੁਸ਼ਸੀਰਤ ਕੌਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪੁਹੰਚ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ਚ ਲੈਕੇ ਮੈਡੀਕਲ ਹਸਪਤਾਲ ਭੇਜਿਆ ਗਿਆ ਜਿਸ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।