ਫ਼ਰੀਦਕੋਟ: ਜਿਲ੍ਹੇ ਦੇ ਪਿੰਡ ਕੋਟ ਸੁਖੀਆ ਵਿਖੇ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਸੇਵਾਦਾਰ ਦਿਆਲ ਦਾਸ ਦੇ ਹੋਏ ਕਤਲ ਦਾ ਮਾਮਲਾ ਸੁਲਝਾਉਣ ਦਾ ਫ਼ਰੀਦਕੋਟ ਪੁਲਿਸ ਨੇ ਦਾਅਵਾ ਕੀਤਾ ਹੈ। ਫ਼ਰੀਦਕੋਟ ਤੋਂ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਇਕ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕਰ ਦਾਅਵਾ ਕੀਤਾ ਹੈ ਕਿ ਬਾਬਾ ਦਿਆਲ ਦਾਸ ਦਾ ਕਤਲ ਡੇਰੇ ਦੀ ਗੱਦੀ ਨੂੰ ਲੈ ਕੇ ਕੀਤਾ ਗਿਆ ਹੈ ਅਤੇ ਡੇਰੇ ਦੇ ਹੀ ਇਕ ਹੋਰ ਸੇਵਾਦਾਰ ਨੇ ਕਤਲ ਦੀ ਸਾਜਿਸ਼ ਰਚੀ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਵਿੱਚ ਸਥਿਤ ਡੇਰਾ ਹਰਕਾ ਦਾਸ ਦੇ ਸੇਵਾਦਾਰ ਦਿਆਲ ਸਿੰਘ ਦੇ ਕਤਲ ਦੇ ਮਾਮਲਾ ਸਾਹਮਣੇ ਆਇਆ ਸੀ। ਇਸ ਨੂੰ ਸੁਲਝਾਉਂਦੇ ਹੋਏ ਸਾਹਮਣੇ ਆਇਆ ਕਿ ਇਹ ਕਤਲ ਡੇਰੇ ਦੇ ਹੀ ਇੱਕ ਹੋਰ ਸੇਵਾਦਾਰ ਨੇ ਗੈਂਗਸਟਰ ਲਖਵਿੰਦਰ ਲੱਖਾ ਕੋਲੋਂ ਕਰਵਾਇਆ। ਇਸ ਮਾਮਲੇ ਵਿੱਚ ਗੈਂਗਸਟਰਾਂ ਨੂੰ ਇਤਲਾਹ ਦੇਣ ਵਾਲੇ 2 ਕਾਬੂ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਕਤਲ ਦਾ ਕਾਰਨ ਡੇਰਾ ਹਰਕਾ ਦਾਸ ਦੀ ਗੁਰਗੱਦੀ ਹੈ। ਡੇਰੇ ਦੇ ਹੀ ਇਕ ਹੋਰ ਸੇਵਾਦਾਰ ਜਰਨੈਲ ਦਾਸ ਕਪੂਰੇ ਵਾਲੇ ਨੂੰ ਇਸ ਪੂਰੇ ਕਤਲ ਕਾਂਡ ਦੀ ਸਾਜਿਸ਼ ਦਾ ਮਾਸਟਰ ਮਾਈਂਡ ਦੱਸਦਿਆਂ ਐਸਐਸਪੀ ਨੇ ਕਿਹਾ ਕਿ ਦਿਆਲ ਦਾਸ ਡੇਰੇ ਦੇ ਸਾਰੇ ਕੰਮ ਕਾਜ ਕਰਦਾ ਸੀ ਅਤੇ ਡੇਰਾ ਪ੍ਰਮੁੱਖ ਦੇ ਕਾਫ਼ੀ ਕਰੀਬ ਸੀ ਅਤੇ ਡੇਰਾ ਪ੍ਰਮੁੱਖ ਦੀ ਸਿਹਤ ਠੀਕ ਨਾ ਹੋਣ ਦੇ ਚੱਲਦੇ ਹੁਣ ਅਗਲਾ ਡੇਰਾ ਪ੍ਰਮੁੱਖ ਦਿਆਲ ਦਾਸ ਨੂੰ ਬਣਾਇਆ ਜਾ ਸਕਦਾ ਸੀ। ਇਸ ਕਾਰਨ ਡੇਰੇ ਦੀ ਗੱਦੀ ਖੁਦ ਹਥਿਆਉਣ ਲਈ ਜਰਨੈਲ ਦਾਸ ਨੇ ਗੈਂਗਸਟਰ ਲਖਵਿੰਦਰ ਸਿੰਘ ਲੱਖਾ ਪਾਸੋਂ ਦਿਆਲ ਦਾਸ ਨੂੰ ਗੋਲੀਆਂ ਮਰਵਾ ਕੇ ਕਤਲ ਕਰਵਾ ਦਿਤਾ।
ਇਹ ਵੀ ਪੜ੍ਹੋ: ਗੈਂਗਸਟਰ ਬੁੱਢਾ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਸਮੇਂ ਹੋਵੇਗਾ ਗ੍ਰਿਫ਼ਤਾਰ
ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਦੋਹਾਂ ਸੇਵਾਦਾਰਾਂ ਨੇ ਮੰਨਿਆ ਕਿ ਉਨ੍ਹਾਂ ਨੇ ਹੀ ਕਤਲ ਵਾਲੇ ਦਿਨ ਡੇਰੇ ਦੀ ਰੈਕੀ ਕੀਤੀ ਸੀ ਅਤੇ ਕਾਤਲਾਂ ਨੂੰ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਦੋਹਾਂ ਮੁਲਜ਼ਮਾਂ ਪਾਸੋਂ ਹੀ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਸਭ ਸਾਹਮਣੇ ਆਇਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਵੇਗਾ।