ਫਰੀਦਕੋਟ: ਪਿਛਲੇ 54 ਦਿਨਾਂ ਤੋਂ ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾਂ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਮੀਟਰ ਰੀਡਰਾਂ ਦਾ ਰੋਸ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਜਦੋਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਆਪਣੇ ਘਰ ਤੋਂ ਬਾਹਰ ਨਿਕਲੇ ਤਾਂ ਧਰਨਾਕਾਰੀਆਂ ਵੱਲੋਂ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਲੇਟ ਗਏ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ।
ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਮੁਲਾਜ਼ਮ ਵੱਲੋਂ ਆਪਣੇ ਕੱਪੜੇ ਉਤਾਰ ਕੇ ਗਰਮ ਮੌਮ ਆਪਣੇ ਸਰੀਰ 'ਤੇ ਪਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੁਲਾਜ਼ਮ ਵਲੋਂ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਕੁਲਤਾਰ ਸੰਧਵਾਂ ਵੱਲੋਂ ਉਸ ਦੇ ਹੱਥੋਂ ਬਲਦੀ ਮੋਮਬੱਤੀ ਖੋਹ ਕੇ ਪਾਸੇ ਕੀਤੀ ਗਈ।
ਇਸ ਮੌਕੇ ਧਰਨਾਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਪਿਛਲੇ 54 ਦਿਨ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈਕੇ ਕੁਲਤਾਰ ਸੰਧਵਾਂ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਹਾਂ, ਪਰ ਅੱਜ ਤੱਕ ਸਾਡੀ ਸੁਣਵਾਈ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਕਿ ਕਈ ਵਾਰ ਸਾਨੂੰ ਭਰੋਸਾ ਦਿੱਤਾ ਗਿਆ ਕਿ ਸਾਡੀਆਂ ਮੰਗਾਂ ਜਾਇਜ਼ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਨਾਲ ਕੋਈ ਗੱਲਬਾਤ ਨਹੀ ਕੀਤੀ ਜਾ ਰਹੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਸਾਡੀ ਮੰਗ ਬੱਸ ਇੰਨੀ ਕੁ ਹੈ ਕੇ ਸਾਨੂੰ ਮਹਿਕਮੇ ਅਧੀਨ ਬਿਲਿੰਗ ਕਰਵਾਈ ਜਾਵੇ। ਜਿਸ ਨਾਲ ਠੇਕੇਦਾਰ ਵੱਲੋਂ ਸਾਡਾ ਆਰਥਿਕ ਸ਼ੋਸ਼ਣ ਨਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਸੀ ਜਿਸ ਕਾਰਨ ਸਾਡੇ ਚਾਰ ਮੁਲਾਜ਼ਮਾਂ ਦੀ ਹਾਲਤ ਵੀ ਵਿਗੜ ਗਈ ਸੀ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਕਿ ਪ੍ਰਸ਼ਾਸ਼ਨ ਵੱਲੋਂ ਸਾਡੀ ਹੜਤਾਲ ਖਤਮ ਕਰਵਾ ਦਿੱਤੀ ਪਰ ਹਲੇ ਵੀ ਸਾਡੇ ਨਾਲ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਗੱਲਬਾਤ ਨਹੀ ਕੀਤੀ, ਜਿਸ ਕਾਰਨ ਮਜ਼ਬੂਰੀ 'ਚ ਸਾਨੂੰ ਇਹ ਕਦਮ ਚੁੱਕਣਾ ਪਿਆ ਹੈ।
ਉਥੇ ਇਸ ਮੌਕੇ ਕੁਲਤਾਰ ਸੰਧਵਾਂ ਵੱਲੋਂ ਧਰਨਾਕਾਰੀਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਅਤੇ ਜਲਦ ਹੀ ਕੋਈ ਰਾਹ ਲੱਭ ਲਿਆ ਜਾਵੇਗਾ। ਇਸ ਲਈ ਉਹ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਕੋਈ ਅਜਿਹਾ ਕੰਮ ਨਾ ਕਰਨ ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਨੁਕਸਾਨ ਹੋਵੇ।
ਇਹ ਵੀ ਪੜ੍ਹੋ:ਖੁਸ਼ਖਬਰੀ ! ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਦੀ ਸ਼ੁਰੂਆਤ, ਇਸ ਦਿਨ ਤੋਂ ਹੋਵੇਗੀ ਬੁਕਿੰਗ ਸ਼ੁਰੂ