ਫਰੀਦਕੋਟ: ਨਾਭਾ ਜੇਲ੍ਹ 'ਚ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਤੋਂ ਬਾਅਦ ਉਸਦਾ ਸੰਸਕਾਰ ਨਹੀਂ ਕੀਤਾ ਗਿਆ ਅਤੇ ਡੇਰੇ ਅੰਦਰ ਵੱਡੀ ਗਿਣਤੀ 'ਚ ਡੇਰਾ ਸਮਰਥਕ ਇਕੱਠੇ ਹੋ ਰਹੇ ਹਨ। ਪ੍ਰਸ਼ਾਸਨਿਕ ਅਮਲਾ ਡੇਰਾ ਸਮਰਥਕਾਂ ਨਾਲ ਗੱਲਬਾਤ ਕਰਨ ਲਈ ਕੋਟਕਪੂਰਾ ਦੇ ਨਾਮ ਚਰਚਾ ਘਰ ਪਹੁੰਚ ਗਿਆ ਹੈ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਐੱਸਐੱਸਪੀ ਰਾਜ ਬਚਨ ਸਿੰਘ ਸਣੇ ਹੋਰ ਵੀ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹਨ।
ਦੱਸ ਦਈਏ ਕਿ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਕਾਰਨ ਅਜੇ ਵੀ ਮਾਹੌਲ ਤਣਾਅਪੂਰਨ ਹੈ। ਬਿੱਟੂ ਦੀ ਮ੍ਰਿਤਕ ਦੇਹ ਕੋਟਪੂਰਾ ਦੇ ਨਾਮ ਚਰਚਾ ਘਰ ਵਿੱਚ ਰੱਖੀ ਗਈ ਹੈ। ਉਸ ਦਾ ਪਰਿਵਾਰ ਸਸਕਾਰ ਨਾ ਕਰਨ ਤੇ ਅੜਿਆ ਹੋਇਆ ਹੈ ਅਤੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ।
ਕੋਟਕਪੂਰਾ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਫ਼ਰੀਦਕੋਟ ਪੁਲਿਸ ਤੇ ਕੇਂਦਰੀ ਰਿਜ਼ਰਵ ਫੋਰਸ ਵਲੋਂ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਜ਼ਿਕਰਯੋਗ ਹੈ ਕਿ ਲੰਘੇ ਸਨਿੱਚਵਾਰ ਬਰਗਾੜੀ ਬੇਅਦਬੀ ਮਾਮਲੇ 'ਚ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਜੇਲ੍ਹ ਅੰਦਰ ਹੀ ਦੋ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ 'ਚ ਕਾਫੀ ਰੋਸ ਹੈ। ਡੇਰਾ ਸਮਰਥਕ ਬਿੱਟੂ ਦੀ ਮ੍ਰਿਤਕ ਦੇਹ ਨੂੰ ਡੇਰੇ ਦੇ ਨਾਮ ਚਰਚਾ ਘਰ ਵਿੱਚ ਰੱਖ ਕੇ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਦੀ ਮੰਗ ਹੈ ਕਿ ਡੇਰਾ ਸਮਰਥਕਾਂ ਤੇ ਬੇਅਦਬੀ ਮਾਮਲੇ 'ਚ ਲੱਗੇ ਸਾਰੇ ਮਾਮਲਿਆਂ ਨੂੰ ਖਾਰਜ ਕੀਤਾ ਜਾਵੇ ਅਤੇ ਮਹਿੰਦਰਪਾਲ ਕਤਲ ਮਾਮਲੇ ਦੀ ਨਿਆਇਕ ਜਾਂਚ ਹੋਵੇ। ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਮਹਿੰਦਰਪਾਲ ਦਾ ਅੰਤਮ ਸਸਕਾਰ ਨਹੀਂ ਕਰਨਗੇ। ਬੀਤੇ ਦਿਨ ਡੇਰੇ ਦੀ 45 ਮੈਂਬਰੀ ਕਮੇਟੀ ਅਤੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਚਕਾਰ ਬੰਦ ਕਮਰਾ ਮੀਟਿੰਗ ਵੀ ਹੋਈ ਜੋ ਕਿ ਬੇਨਤੀਜਾ ਨਿਕਲੀ।
ਹੁਣ ਵੇਖਣਾ ਇਹ ਹੋਵੇਗਾ ਕਿ ਸੋਮਵਾਰ ਨੂੰ ਡੇਰਾ ਸਮਰਥਕਾਂ ਅਤੇ ਡੀਸੀ ਵਿਚਕਾਰ ਹੋ ਰਹੀ ਗੱਲਬਾਤ ਵਿੱਚ ਕੋਈ ਹੱਲ ਨਿਕਲਦਾ ਹੈ ਜਾਂ ਨਹੀਂ।