ਫ਼ਰੀਦਕੋਟ: ਜ਼ਿਲ੍ਹੇ ਦੇ ਮਿੰਨੀ ਸਕੱਤਰੇਤ ਦਫ਼ਤਰ ਸਾਹਮਣੇ ਚੱਲ ਰਹੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰ ਦੀ ਭੁੱਖ ਹੜਤਾਲ ਅਤੇ ਧਰਨੇ 'ਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ, ਜਦੋਂ ਇਸ ਮਾਮਲੇ ਵਿੱਚ ਟਰੈਵਲ ਏਜੰਟ ਕਹੇ ਜਾਣ ਵਾਲੇ ਗਗਨਪ੍ਰੀਤ ਨੇ ਵੀ ਪੰਜਾਬ ਕਿਸਾਨ ਯੂਨੀਅਨ ਦੇ ਨਾਂਅ 'ਤੇ ਧਰਨਾ ਸ਼ੁਰੂ ਕਰ ਦਿੱਤਾ।
ਦੱਸਣਯੋਗ ਹੈ ਕੇ ਲੰਮੇ ਸਮੇਂ ਤੋਂ ਇਨਸਾਫ਼ ਲਈ ਜ਼ੋਰ ਅਜਮਾਈ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਅੱਜ ਫ਼ਰੀਦਕੋਟ ਜ਼ਿਲ੍ਹੇ ਵਿੱਚ ਚਾਰ ਥਾਵਾਂ 'ਤੇ ਚੱਕਾ ਜਾਮ ਕੀਤਾ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾ.ਕਿ.ਯੂ. ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਨੇ ਦੱਸਿਆ ਕਿ ਕੋਟਕਪੂਰੇ ਦੇ ਇੱਕ ਟਰੈਵਲ ਏਜੰਟ ਵੱਲੋਂ ਕਿਸਾਨ ਦਵਿੰਦਰ ਸਿੰਘ ਦੇ ਲੜਕੇ ਗੁਰਪ੍ਰੇਮ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਕੀਤੀ ਗਈ ਧੋਖਾਧੜੀ ਦੇ ਮਾਮਲੇ ਵਿੱਚ ਹੁਣ ਤੱਕ ਇਨਸਾਫ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਯੂਨੀਅਨ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ 4 ਥਾਵਾਂ ਸਾਦਿਕ, ਗੋਲੇਵਾਲਾ, ਜੈਤੋ ਅਤੇ ਬਾਜਾਖਾਨਾ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ। ਉਨ੍ਹਾਂ ਕਿਹਾ ਕਿ 2 ਜੁਲਾਈ ਮੰਗਲਾਵਰ ਨੂੰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਵੇਗੀ ਜਿਸ ਵਿੱਚ ਉਹ ਅਗਲੀ ਰਣਨੀਤੀ ਤੈਅ ਕਰਨਗੇ।
ਓਧਰ, ਇਸ ਸਬੰਧੀ ਦੂਜੀ ਧਿਰ ਵਲੋਂ ਗਗਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਗਗਨਪ੍ਰੀਤ ਨੇ ਕਿਹਾ ਕਿ ਉਹ ਉਕਤ ਗੁਰਪ੍ਰੇਮ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਮਲੇਸ਼ਿਆ ਟੂਰਿਸਟ ਵੀਜ਼ੇ 'ਤੇ ਗਿਆ ਸੀ ਤਾਂ ਉਸ ਦੌਰਾਨ ਉਕਤ ਨੌਜਵਾਨਾਂ ਨੇ ਉਸ ਤੋਂ 1 ਲੱਖ 70 ਹਜ਼ਾਰ ਰੁਪਏ ਉਧਾਰ ਲਏ ਸਨ। ਜਿਸ ਦੇ ਚਲਦਿਆਂ ਉਸ ਨੇ ਉਕਤ ਨੌਜਵਾਨਾਂ ਤੋਂ ਇੱਕ ਚੈੱਕ ਲਿਆ ਸੀ ਜੋ ਪੈਸੇ ਨਾ ਹੋਣ ਕਾਰਨ ਬਾਉਂਸ ਹੋ ਗਿਆ। ਗਗਨਪ੍ਰੀਤ ਨੇ ਕਿਹਾ ਕਿ ਹੁਣ ਉਕਤ ਨੌਜਵਾਨ ਪੈਸੇ ਦੇਣ ਤੋਂ ਮੁੱਕਰ ਰਹੇ ਹਨ, ਇਸ ਲਈ ਉਸ 'ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਉਸ ਨੇ ਕਿਹਾ ਕਿ ਉਹ ਕੋਈ ਟਰੈਵਲ ਏਜੰਟ ਦਾ ਕੰਮ ਨਹੀਂ ਕਰਦਾ ਉਹ ਇੱਕ ਪ੍ਰਾਇਵੇਟ ਕਾਲਜ ਵਿੱਚ ਪ੍ਰੋਫ਼ੈਸਰ ਹੈ।
ਐੱਸ.ਪੀ. ਫ਼ਰੀਦਕੋਟ ਭੂਪਿਦਰ ਸਿੰਘ ਨੇ ਕਿਹਾ ਕਿ ਟਰੈਵਲ ਏਜੰਟ ਦੁਆਰਾ ਕੀਤੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਧਿਰਾਂ ਉਨ੍ਹਾਂ ਕੋਲ ਆਪਣਾ-ਆਪਣਾ ਪੱਖ ਲੈ ਕੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।