ਫਰੀਦਕੋਟ: ਕੁਝ ਦਿਨ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ, ਜਿਸ ਦੌਰਾਨ ਹਸਪਤਾਲ ਅੰਦਰ ਕਈ ਕਮੀਆਂ ਪਾਈਆਂ ਗਈਆਂ ਸਨ। ਇੱਕ ਵਾਰਡ ਵਿੱਚ ਖਰਾਬ ਗੱਦਿਆਂ ਦੇ ਮਾਮਲੇ ਵਿੱਚ ਬਾਬਾ ਫਰੀਦ ਯੂਨੀਵਰਸਟੀ ਦੇ ਵਾਇਸ ਚਾਂਸਲਰ ਅਤੇ ਚੇਤਨ ਸਿੰਘ ਜੌੜਾਮਾਜਰਾ ਵਿਚਕਾਰ ਕਾਫੀ ਵਿਵਾਦ ਵੀ ਪੈਦਾ ਹੋਇਆ ਸੀ ਜੋ ਕਾਫੀ ਭਖਿਆ ਹੋਇਆ ਹੈ, ਇਸ ਮਾਮਲੇ ਵਿਚਕਾਰ ਹੁਣ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਪੱਤਾ ਖੇਡਿਆ ਗਿਆ ਹੈ। ਸਿਹਤ ਮੰਤਰੀ ਨੇ ਫਰੀਦਕੋਟ ਦੇ ਗੁਰੂ ਗਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਆਪਣੇ ਨਿੱਜੀ ਖਾਤੇ ਵਿਚੋਂ 200 ਗੱਦੇ ਦਾਨ ਦੇ ਵਜੋਂ ਦਿੱਤੇ ਹਨ, ਜਿੰਨਾਂ ਵਿਚੋਂ 80 ਗੱਦਿਆ ਦੀ ਪਹਿਲੀ ਖੇਪ ਫਰੀਦਕੋਟ ਪਹੁੰਚ ਗਈ।
ਇਹ ਵੀ ਪੜੋ: Weather Report: ਸੂਬੇ ਭਰ ’ਚ ਗਰਮੀ ਦਾ ਕਹਿਰ ਜਾਰੀ, ਜਾਣੋ ਮੌਸਮ ਦਾ ਹਾਲ
ਜਾਣਾਕਰੀ ਦਿੰਦਿਆਂ ਆਮ ਆਦਮੀਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਜਦੋਂ ਫਰੀਦਕੋਟ ਵਿਖੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਚੈਕਿੰਗ ਕਰਨ ਆਏ ਸਨ ਤਾਂ ਉਹਨਾਂ ਨੇ ਹਸਪਤਾਲ ਵਿੱਚ ਕਈ ਕਮੀਆਂ ਪਾਈਆਂ ਸਨ, ਜਿੰਨਾਂ ਵਿਚੋਂ ਇੱਕ ਸਮੱਸਿਆ ਗੱਦਿਆ ਦੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਮੰਤਰੀ ਸਾਹਿਬ ਵੱਲੋਂ ਆਪਣੇ ਨਿੱਜੀ ਖਾਤੇ ਵਿਚੋਂ 200 ਗੱਦੇ ਜੀਜੀਐਸ ਮੈਡੀਕਲ ਹਸਪਤਾਲ ਨੂੰ ਦਾਨ ਦਿੱਤੇ ਗਏ ਹਨ, ਜਿਨਾਂ ਵਿਚੋਂ 80 ਗੱਦਿਆ ਦੀ ਪਹਿਲੀ ਖੇਪ ਹਸਪਤਾਲ ਪਹੁੰਚ ਗਈ ਹੈ ਅਤੇ ਬਾਕੀ ਵੀ ਜਲਦ ਪਹੁੰਚ ਜਾਣਗੇ।
ਉਥੇ ਹੀ ਜਦੋਂ ਉਹਨਾਂ ਨੂੰ ਹਸਪਤਾਲ ਅੰਦਰ ਸਿਹਤ ਸੇਵਾਵਾਂ ਵਿੱਚ ਪਾਈਆਂ ਗਈਆ ਹੋਰ ਖਾਮੀਆਂ ਨੂੰ ਦਰੁੱਸਤ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ, ਸਰਕਾਰ ਲੱਗੀ ਹੋਈ ਹੈ। ਇਸ ਦੇ ਨਾਲ ਆਯੂਸ਼ਮਾਨ ਸਿਹਤ ਸੇਵਾ ਸਕੀਮ ਬਾਰੇ ਪੁੱਛੇ ਸਵਾਲ ‘ਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਕੀਮ ਤਹਿਤ ਰੁਕਿਆ ਪੈਸਾ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਲਾਜ਼ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਨਿੱਜੀ ਹਸਪਤਾਲਾਂ ਵਿੱਚ ਵੀ ਜਲਦ ਇਲਾਜ਼ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆ ਆਪ ਆਗੂ ਅਮਨਦੀਪ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਸਾਹਿਬ ਵੱਲੋਂ 200 ਗੱਦੇ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਨੂੰ ਭੇਜੇ ਗਏ ਹਨ ਅਤੇ ਜਲਦ ਹੀ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ 400 ਗੱਦਾ ਹੋਰ ਹਸਪਤਾਲ ਨੂੰ ਭੇਂਟ ਕੀਤਾ ਜਾਵੇਗਾ। ਸਿਰਫ ਨਵੇਂ ਗੱਦੇ ਆਉਣ ਨਾਲ ਹਸਪਤਾਲ ਦੇ ਪ੍ਰਬੰਦ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਆਉਣ ਬਾਰੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਜਲਦ ਹੀ ਬਾਕੀ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇਗਾ।