ਫ਼ਰੀਦਕੋਟ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੋ ਵਾਰ ਕੇਂਦਰ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਵੀ ਹੋ ਚੁੱਕੀ ਹੈ ਪਰ ਕੋਈ ਹੱਲ ਨਾ ਕੀਤੇ ਜਾਣ 'ਤੇ ਹੁਣ ਅਖ਼ੀਰ ਕਿਸਾਨਾਂ ਨੇ ਕੇਂਦਰ ਨੂੰ ਕਾਨੂੰਨ ਰੱਦ ਕਰਨ ਲਈ ਟਰੈਕ ਖਾਲੀ ਕਰਦੇ ਹੋਏ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਅਲਟੀਮੇਟਮ ਦੇ ਚਲਦਿਆਂ ਕਿਸਾਨਾਂ ਨੇ ਕੇਂਦਰ ਵਿਰੁੱਧ ਪ੍ਰਦਰਸ਼ਨ ਲਈ 26 ਤੇ 27 ਨਵੰਬਰ ਨੂੰ 'ਦਿੱਲੀ ਚੱਲੋ' ਦਾ ਹੋਕਾ ਦਿੱਤਾ ਹੈ, ਜਿਸ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਧੜੱਲੇ ਨਾਲ ਜਾਰੀ ਹੈ। ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਦਿੱਲੀ ਚੱਲੋ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ।
ਫ਼ਰੀਦਕੋਟ ਵਿਖੇ ਸੋਮਵਾਰ ਤਿਆਰੀਆਂ ਤਹਿਤ ਕਿਸਾਨਾਂ ਵੱਲੋਂ ਝੰਡੇ ਤਿਆਰ ਕੀਤੇ ਗਏ ਵੇਖੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਝੰਡਿਆਂ ਨੂੰ ਕਿੱਲਾਂ ਨਾਲ ਠੋਕਿਆ ਜਾ ਰਿਹਾ ਹੈ ਤਾਂ ਜੋ ਪ੍ਰਦਰਸ਼ਨ ਦੌਰਾਨ ਕੁੱਝ ਵੀ ਹੋ ਜਾਵੇ ਪਰ ਡੰਡੇ ਤੋਂ ਝੰਡਾ ਨਹੀਂ ਉਤਰਨਾ ਚਾਹੀਦਾ।
ਕਿਸਾਨ ਆਗੂ ਨੇ ਕਿਹਾ ਕਿ ਜਥੇਬੰਦੀਆਂ ਦਿੱਲੀ ਵੱਲ 25 ਤਰੀਕ ਤੋਂ ਚੱਲਣਗੀਆਂ, ਜਿਸ ਦੀਆਂ ਤਿਆਰੀਆਂ ਪੂਰੀਆਂ ਹਨ। ਉਨ੍ਹਾਂ ਕਿਹਾ ਕਿ ਰੋਟੀ-ਪਾਣੀ, ਬਾਲਣ ਵਗੈਰਾ ਸਭ ਕੁੱਝ ਪ੍ਰਬੰਧ ਕੀਤਾ ਹੋਇਆ ਹੈ। ਨਾਲ ਹੀ ਲਾਈਟ ਲਈ ਜਰਨੇਟਰ ਦਾ ਵੀ ਪ੍ਰਬੰਧ ਅਤੇ ਪਾਣੀ ਲਈ ਟੈਂਕੀਆਂ ਭਰ ਕੇ ਰੱਖੀਆਂ ਹੋਈਆਂ ਹਨ।
ਕੋਰੋਨਾ ਕਾਰਨ ਦਿੱਲੀ ਵਿੱਚ ਧਾਰਾ 144 ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਕੋਰੋਨਾ ਦਾ ਬਹਾਨਾ ਬਣਾਇਆ ਹੈ, ਜਿਸ ਨੂੰ ਹਰ ਇੱਕ ਕਿਸਾਨ ਵੀ ਸਮਝ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਿਹਾਰ ਵੀ ਚੋਣਾਂ ਸਨ ਤਾਂ ਸਰਕਾਰ ਨੂੰ ਕੋਰੋਨਾ ਦਾ ਖਿਆਲ ਨਹੀਂ ਆਇਆ, ਪਰ ਹੁਣ ਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਚੱਲੋ ਲਈ ਸਮੂਹ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਆਪ ਦਿੱਲੀ ਜਾਣ ਲਈ ਆ ਰਹੇ ਹਨ।
ਰਸਤੇ ਵਿੱਚ ਰੋਕੇ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਤਾਂ ਉਥੇ ਹੀ ਧਰਨਾ ਲਾ ਕੇ ਬੈਠ ਜਾਣਗੇ ਕਿਉਂਕਿ ਉਹ ਸ਼ਾਂਤਮਈ ਧਰਨਾ ਕਰਨਗੇ।
ਉਨ੍ਹਾਂ ਕਿਹਾ ਕਿ ਕੁੱਝ ਜਥੇਬੰਦੀਆਂ 25 ਤਰੀਕ ਨੂੰ ਦਿੱਲੀ ਚਾਲੇ ਪਾਉਣਗੀਆਂ ਅਤੇ ਕੁੱਝ ਜਥੇਬੰਦੀਆਂ ਮੰਗਲਵਾਰ ਭਾਵ 24 ਤਰੀਕ ਤੋਂ ਦਿੱਲੀ ਨੂੰ ਵਹੀਰਾਂ ਘੱਤਣਗੇ।ਬਾਕੀ ਵੱਖ-ਵੱਖ ਜਥੇਬੰਦੀਆਂ ਦਾ ਆਪੋ-ਆਪਣਾ ਪ੍ਰੋਗਰਾਮ ਹੈ। ਸਾਰੇ ਪਾਸੇ ਜਥੇਬੰਦੀਆਂ ਦੇ ਵਰਕਰ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਤੋੋਂ ਜੋ ਜਥੇਬੰਦੀ ਦੇ ਵਰਕਰ ਜਾਣਗੇ ਉਹ ਪਹਿਲਾਂ ਸਰਦੂਲਗੜ੍ਹ ਪੁੱਜਣਗੇ।