ਫ਼ਰੀਦਕੋਟ: ਪੰਜਾਬ ਪੁਲਿਸ ਵੱਲੋਂ ਲੌਕਡਾਊਨ ਦੌਰਾਨ ਜਿੱਥੇ ਦਿਨ ਰਾਤ ਡਿਊਟੀ ਨਿਭਾ ਰਹੇ ਹਨ, ਉੱਥੇ ਹੀ ਆਮ ਪਬਲਿਕ ਦੀਆਂ ਖੁਸ਼ੀਆਂ ਵਿੱਚ ਵੀ ਸ਼ਾਮਲ ਹੋ ਰਹੇ ਹਨ। ਲੋਕਾਂ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਇਹ ਅਹਿਸਾਸ ਕਰਵਾ ਰਹੇ ਹਨ ਕਿ ਪੁਲਿਸ ਜਨਤਾ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਹੈ।
ਫ਼ਰੀਦਕੋਟ ਵਿਖੇ ਵੀ ਪੰਜਾਬ ਪੁਲਿਸ ਦਾ ਇੱਕ ਅਜਿਹਾ ਹੀ ਕੰਮ ਦੇਖਣ ਨੂੰ ਮਿਲਿਆ। ਫ਼ਰੀਦਕੋਟ ਪੁਲਿਸ ਨੇ ਇੰਗਲੈਂਡ ਤੋਂ ਆਈ ਇੱਕ ਮਹਿਲਾ ਦੇ ਜਨਮਦਿਨ ਮੌਕੇ ਉਸ ਨੂੰ ਸਰਪ੍ਰਾਇਜ਼ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਉੱਕਤ ਐੱਨ.ਆਰ.ਆਈ ਔਰਤ ਕੋਰੋਨਾ ਵਾਇਰਸ ਦੇ ਕਾਰਨ ਚੱਲ ਰਹੇ ਲੌਕਡਾਊਨ ਕਾਰਨ ਇੱਥੇ ਫ਼ਸ ਗਈ ਹੈ। ਇਹ ਉੱਕਤ ਔਰਤ ਮਸ਼ਹੂਰ ਪੰਜਾਬੀ ਗਾਇਕ ਨਿਰਮਲ ਸਿੱਧੂ ਦੀ ਨੂੰਹ ਹੈ। ਨਿਰਮਲ ਸਿੱਧੂ ਦੇ ਦੋਹੇਂ ਲੜਕੇ ਇੰਗਲੈਂਡ ਵਿਆਹੇ ਹੋਏ ਹਨ। ਇਹ ਇੱਥੇ ਪਿੰਡ ਟਹਿਣਾ ਵਿਖੇ ਆਪਣੇ ਪਰਿਵਾਰ ਨੂੰ ਮਿਲਣ ਆਏ ਸਨ, ਪਰ ਕੋਰੋਨਾ ਵਾਇਰਸ ਕਰ ਕੇ ਇੱਥੇ ਹੀ ਫ਼ਸ ਗਏ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਫ਼ਰੀਦਕੋਟ ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਨਿਰਮਲ ਸਿੱਧੂ ਦੇ ਪਰਿਵਾਰ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਨ੍ਹਾਂ ਦੀ ਨੂੰਹ ਦਾ ਜਨਮ ਦਿਨ ਹੈ ਤੇ ਉਹ ਜਨਮਦਿਨ ਦਾ ਕੇਕ ਲੈ ਕੇ ਉਨ੍ਹਾਂ ਦੇ ਪਿੰਟ ਟਹਿਣਾ ਵਿਖੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸਰਪ੍ਰਾਇਜ਼ ਕੀਤਾ।
ਇਸ ਮੌਕੇ ਜਨਮਦਿਨ ਵਾਲੀ ਐੱਨ.ਆਰ.ਆਈ ਲੜਕੀ ਨੇ ਜਨਮਦਿਨ ਕੇਕ ਕੱਟਿਆ ਅਤੇ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਇਸ ਸਰਪ੍ਰਾਇਜ਼ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਪੁਲਿਸ ਨੂੰ ਦੇਖ ਕੇ ਡਰ ਗਈ ਅਤੇ ਫ਼ਿਰ ਜਦੋਂ ਪੰਜਾਬ ਪੁਲਿਸ ਨੇ ਕੇਕ ਦਿੱਤਾ ਤਾਂ ਉਸ ਦੀ ਖ਼ੁਸ਼ੀ ਦੀ ਹੱਦ ਨਹੀਂ ਰਹੀ। ਤਾਜ ਨੇ ਪੰਜਾਬ ਪੁਲਿਸ ਦੇ ਇਸ ਰਵੱਈਏ ਦਾ ਧੰਨਵਾਦ ਕੀਤਾ।