ਫਰੀਦਕੋਟ: ਮੌਨਸੂਨ ਦੇ ਸਮੇਂ ਡ੍ਰੇਨਾਂ ਦੀ ਸਫ਼ਾਈ ਕਿਸਾਨਾਂ ਲਈ ਇੱਕ ਵੱਡੀ ਜ਼ਰੂਰਤ ਹੁੰਦੀ ਹੈ ਕਿਉਂਕਿ ਡ੍ਰੇਨਾਂ ਨਾ ਸਾਫ਼ ਹੋਣ ਕਾਰਨ ਬਰਸਾਤ ਦਾ ਪਾਣੀ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਕਰ ਦਿੰਦਾ ਹੈ। ਇਸੇ ਸਬੰਧੀ ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨਾਂ ਨੇ ਗੁਹਾਰ ਲਗਾਈ ਹੈ ਕਿ ਲੰਘੇਆਣਾ ਵੱਡੀ ਡ੍ਰੇਨ ਦੀ ਸਫ਼ਾਈ ਨਾ ਹੋਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ 'ਤੇ ਖ਼ਤਰਾ ਮੰਡਰਾ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਉਨ੍ਹਾਂ ਦੀ 3500 ਤੋਂ 5000 ਏਕੜ ਜ਼ਮੀਨ ਪ੍ਰਭਾਵਿਤ ਹੋਈ ਸੀ ਅਤੇ ਜੇਕਰ ਡ੍ਰੇਨ ਵਿਭਾਗ ਨੇ ਸਫ਼ਾਈ ਨਾ ਕੀਤੀ ਤਾਂ ਇਸ ਵਾਰ ਵੀ ਉਨ੍ਹਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਵੇਗਾ।
ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਇਸ ਨਾਲੇ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦਾ ਕਰੀਬ 2500 ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਸੀ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਕਿਸਾਨਾਂ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਵੱਡੇ ਡ੍ਰੇਨ ਦੀ ਸਫ਼ਾਈ ਨਾ ਹੋਈ ਤੇ ਉਨ੍ਹਾਂ ਦੀ ਫ਼ਸਲ ਡੁੱਬੀ ਤਾਂ ਉਨ੍ਹਾਂ ਕੋਲ ਖ਼ੁਦਕੁਸ਼ੀ ਤੋਂ ਬਿਨ੍ਹਾਂ ਹੋਰ ਕੋਈ ਰਾਹ ਨਹੀਂ ਬਚਣਾ। ਉਨ੍ਹਾਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਗੁਹਾਰ ਲਾਈ ਹੈ ਕਿ ਜਲਦੀ ਤੋਂ ਜਲਦੀ ਲੰਘੇਆਣਾ ਵੱਡੀ ਡ੍ਰੇਨ ਦੀ ਸਫ਼ਾਈ ਕੀਤੀ ਜਾਵੇ।
ਇਹ ਵੀ ਪੜ੍ਹੋ: "ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ" ਦੇ ਸਿਧਾਂਤ 'ਤੇ ਕੰਮ ਕਰ ਰਿਹੈ ਪਿੰਗਲਵਾੜਾ
ਉਧਰ ਡ੍ਰੇਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਿੰਕ ਡ੍ਰੇਨਾਂ ਦੀ ਸਫ਼ਾਈ ਹੋ ਚੁੱਕੀ ਹੈ ਪਰ ਇਸ ਲੰਘੇਆਣਾ ਵੱਡੀ ਡ੍ਰੇਨ ਦੀ ਸਫ਼ਾਈ ਦਾ ਕੰਮ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਫ਼ੰਡਾਂ ਦੀ ਘਾਟ ਹੋਣ ਕਾਰਨ ਇਸ ਡ੍ਰੇਨ ਦੇ ਕੁੱਝ ਇਲਾਕੇ ਦੀ ਸਫ਼ਾਈ ਰੁਕ ਗਈ ਸੀ। ਉਨ੍ਹਾਂ ਭਰੋਸਾ ਦਵਾਉਂਦਿਆਂ ਕਿਹਾ ਕਿ ਫੰਡ ਜਾਰੀ ਹੁੰਦਿਆਂ ਹੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।