ਫ਼ਰੀਦਕੋਟ: ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਖਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਦੱਸਦਈਏ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਡੀਜੀਪੀ ਸੁਮੇਧ ਸਿੰਘ ਸੈਣੀ ਵਿਚਕਾਰ ਹੋਈ ਕਈ ਵਾਰ ਮੋਬਾਈਲ ਰਾਹੀਂ ਗੱਲਬਾਤ ਦੇ ਆਧਾਰ ’ਤੇ ਗੋਲੀ ਕਾਂਡ ਦੀ ਸਾਜ਼ਿਸ਼ ਦਾ ਇਲਜ਼ਾਮ ਹੈ।
ਦੋਹਾਂ ਅਧਿਕਾਰੀਆਂ ਵਿਚਾਲੇ ਤਕਰੀਬਨ 22 ਵਾਰ ਫ਼ੋਨ ’ਤੇ ਹੋਈ ਗਲੱਬਾਤ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਦੇ ਨਾਲ ਸਬੰਧਤ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਨਾਮਜ਼ਦ ਕਥਿਤ ਦੋਸ਼ੀ ਤੱਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਤੱਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਇੱਕ ਵਾਰ ਮੁੜ ਇਨ੍ਹਾਂ ਦੋਹਾਂ ਅਧਿਕਾਰੀਆਂ ਖ਼ਿਲਾਫ਼ ਵਿਸ਼ੇਸ਼ ਜਾਂਚ ਟੀਮ ਵੱਲੋਂ ਫ਼ਰੀਦਕੋਟ ਦੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ। ਐਸਆਈਟੀ ਨੇ ਦੋਹਾਂ ਵਿਚਕਾਰ ਬਹਿਬਲਕਲਾਂ ਗੋਲੀਕਾਂਡ ਤੋਂ ਕੁਝ ਸਮਾਂ ਪਹਿਲਾਂ ਮੋਬਾਇਲ 'ਤੇ ਆਪਸ ਵਿੱਚ ਹੋਈ ਕਰੀਬ 22 ਵਾਰ ਗੱਲਬਾਤ ਨੂੰ ਆਧਾਰ ਬਣਾ ਕੇ ਗੋਲੀ ਕਾਂਡ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਹਨ। ਮਾਣਯੋਗ ਅਦਾਲਤ ਨੇ ਇਨ੍ਹਾਂ ਦੋਹਾਂ ਪੁਲਿਸ ਅਧਿਕਾਰੀਆਂ ਨੂੰ 9 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
ਹੋਰਨਾਂ ਪੁਲਿਸ ਅਧਿਕਾਰੀਆਂ ਤੋਂ ਵੀ ਹੋ ਚੁੱਕੀ ਹੈ ਪੁਛਗਿੱਛ
ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਹੁਣ ਤੱਕ ਇਨ੍ਹਾਂ ਦੋਨਾਂ ਪੁਲਿਸ ਅਧਿਕਾਰਿਆਂ ਤੋਂ ਪੁੱਛਗਿੱਛ ਨਹੀਂ ਹੋਈ ਸੀ। ਹੁਣ ਤਕ ਇਸ ਮਾਮਲੇ ਵਿੱਚ ਪਹਿਲਾਂ ਤਿੰਨ ਪੁਲਿਸ ਅਧਿਕਾਰੀਆਂ, ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ, ਐਸਪੀ ਬਿਕਰਮਜੀਤ ਸਿੰਘ ਅਤੇ ਤਤਕਾਲੀ ਐਸਐਚਓ ਅਮਰਜੀਤ ਸਿੰਘ ਕੁਲਾਰ ਦੇ ਇਲਾਵਾ ਸੁਹੇਲ ਬਰਾੜ ਅਤੇ ਪੰਕਜ ਬਾਂਸਲ ਦੇ ਖ਼ਿਲਾਫ਼ ਚਲਾਨ ਪੇਸ਼ ਹੋ ਚੁੱਕਾ ਹੈ।