ਫ਼ਰੀਦਕੋਟ: ਅੱਜ ਕੱਲ੍ਹ ਮੁੱਖ ਤੌਰ 'ਤੇ ਪੈਸੇ ਕਮਾਉਣ ਨੂੰ ਹੀ ਹਰ ਇਨਸਾਨ ਆਪਣਾ ਅਸਲੀ ਤੇ ਸਹੀ ਕਿੱਤਾ ਮੰਨਦਾ ਹੈ ਤੇ ਹਰ ਖਿੱਤੇ ਦੇ ਕੰਮ ਕਰਨ ਤੋਂ ਪਹਿਲਾਂ ਆਪਣੀ ਸੋਚ ਸਿਰਫ ਤੇ ਸਿਰਫ ਪੈਸੇ ਕਮਾਉਣ ਲਈ ਹੀ ਵਰਤਦਾ ਹੈ, ਪਰ ਦੂਜੇ ਪਾਸੇ ਕੁਝ ਲੋਕ ਅੱਜ ਵੀ ਇਸ ਧਰਤੀ 'ਤੇ ਅਜਿਹੇ ਹਨ ਜਿਹੜੇ ਪੈਸੇ ਨੂੰ ਛੱਡ ਇਨਸਾਨੀਅਤ ਨੂੰ ਪਹਿਲ ਦਿੰਦੇ ਹੋਏ ਕਿਸੇ ਲਈ ਆਪਣਾ ਸਮਾਂ, ਪੈਸਾ, ਆਪਣੀ ਐਨਰਜੀ ਲਗਾਉਂਦੇ ਦੇਖੇ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਮਿਸਾਲ ਦੇਖਣ ਨੂੰ ਮਿਲੀ ਹੈ ਸਾਬਕਾ ਫੌਜੀ ਤੋਂ ਜਿਹੜਾ ਕੇ ਗਰੀਬੀ ਤੋਂ ਉੱਠ ਕੇ ਫੌਜ ਵਿੱਚ ਭਰਤੀ ਹੋਇਆ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਆਪਣੇ ਪੈਰਾਂ ਉਪਰ ਖੜਾ ਹੋਣ ਉਪਰੰਤ ਫੌਜ ਵਿੱਚ ਨੌਕਰੀ ਕਰਨ ਸਮੇਂ ਹੀ ਛੁੱਟੀ ਆਉਣ ਸਮੇਂ ਲੋੜਵੰਦ ਲੋਕਾਂ ਲਈ ਆਪਣਾ ਸਮਾਂ ਕੱਢਣ ਲੱਗ ਗਿਆ।
ਇੰਨਾ ਹੀ ਨਹੀਂ, ਫਿਰ ਨੌਕਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਖੁੱਲ੍ਹਾ ਸਮਾਂ ਆਮ ਤੇ ਲੋੜਵੰਦ ਬੱਚਿਆਂ ਲਈ ਦੇਣ ਲੱਗ ਗਿਆ। ਪੂਰੀ ਕਹਾਣੀ ਹੈ ਫ਼ਰੀਦਕੋਟ ਜ਼ਿਲ੍ਹੇ ਦੇ ਨੇੜਲੇ ਪਿੰਡ ਸਾਹੋ ਕੇ ਦੇ ਸਾਬਕਾ ਫੌਜੀ ਗੁਰਦਿੱਤ ਸਿੰਘ ਦੀ ਜਿਹੜਾ ਗਰੀਬੀ ਨਾਲ ਜੂਝਦਾ ਹੋਇਆ ਆਪਣੀ ਮਿਹਨਤ ਨਾਲ ਫੌਜ ਵਿੱਚ ਭਰਤੀ ਹੋਇਆ ਤੇ ਫੌਜ ਦੀ ਨੌਕਰੀ ਦੌਰਾਨ ਉਨ੍ਹਾਂ ਨੌਜਵਾਨਾਂ ਲਈ ਸੋਚਣ ਲੱਗਿਆ ਜਿਹੜੇ ਫੌਜ ਵਿੱਚ ਭਰਤੀ ਹੋਣ ਦਾ ਹੁਨਰ ਹੌਸਲਾ ਰੱਖਦੇ ਸਨ ਪਰ ਮਜਬੂਰ ਸਨ।
ਗੁਰਦਿੱਤ ਵਲੋਂ ਨੌਕਰੀ ਦੌਰਾਨ ਬਹੁਤ ਨੌਜਵਾਨਾਂ ਨੂੰ ਭਰਤੀ ਲਈ ਜੋ ਫਿਜ਼ੀਕਲ ਫਿੱਟ ਹੋਣ ਲਈ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ, ਉਨ੍ਹਾਂ ਲਈ ਮੁਫ਼ਤ ਟ੍ਰੇਨਿੰਗ ਸ਼ੁਰੂ ਕੀਤੀ ਗਈ। ਕਈ ਲੋੜਵੰਦ ਬੱਚਿਆਂ ਦਾ ਨੌਕਰੀ ਦੌਰਾਨ ਮਸੀਹਾ ਬਣਿਆ ਤੇ ਫਿਰ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਖੁਲ੍ਹੇ ਸਮੇਂ ਨਾਲ ਬੱਚਿਆਂ ਨੂੰ ਫਿਜ਼ੀਕਲ ਪ੍ਰੈਕਟਿਸ ਕਰਵਾਉਣ ਲਈ ਮਨ ਬਣਾ ਲਿਆ। ਗੁਰਦਿੱਤ ਸਿੰਘ ਫੌਜ ਦੌਰਾਨ 2009 ਤੋਂ ਇਸ ਮੁਫ਼ਤ ਪ੍ਰੈਕਟਿਸ ਲਈ ਅੱਗੇ ਆਇਆ ਸੀ ਤੇ 2013 ਵਿੱਚ ਸੇਵਾ ਮੁਕਤ ਹੋਣ ਉਪਰੰਤ ਲਗਾਤਾਰ ਨੌਜਵਾਨ ਲੜਕੇ ਲੜਕੀਆਂ ਨੂੰ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕਰਵਾ ਕੇ ਉਨ੍ਹਾਂ ਨੂੰ ਫੌਜ, ਪੁਲਿਸ, ਬੀ ਐਸ ਐਫ ਆਦਿ ਵਿੱਚ ਭਰਤੀ ਹੋਣ ਲਈ ਫਿਜ਼ੀਕਲ ਤੌਰ 'ਤੇ ਕਾਬਿਲ ਬਣਾ ਚੁੱਕਾ ਹੈ ਤੇ ਬਣਾ ਰਿਹਾ ਹੈ।
ਦੱਸਣ ਮੁਤਾਬਕ, ਹਜ਼ਾਰਾਂ ਦੇ ਕਰੀਬ ਲੜਕੇ ਲੜਕੀਆਂ ਉਸ ਤੋਂ ਇਹ ਟਰੇਨਿੰਗ ਲੈ ਚੁਕੇ ਹਨ ਤੇ 600 ਕਰੀਬ ਤੋਂ ਉਪਰ ਬੱਚੇ ਇਥੋਂ ਮੁਫ਼ਤ ਟ੍ਰੇਨਿੰਗ ਲੈ ਕੇ ਫੌਜ, ਪੁਲਿਸ ਵਿੱਚ ਭਰਤੀ ਹੋ ਚੁਕੇ ਹਨ। 30 ਤੋਂ 35 ਕਿਲੋਮੀਟਰ ਤੋਂ 100 ਦੇ ਕਰੀਬ ਵੱਖ ਵੱਖ ਪਿੰਡਾਂ ਸ਼ਹਿਰਾਂ ਦੇ ਬੱਚੇ ਹੁਣ ਵੀ ਹਰ ਰੋਜ਼ ਉਸ ਕੋਲ ਫਿਜ਼ੀਕਲ ਟ੍ਰੇਨਿੰਗ ਲਈ ਪਹੁੰਚਦੇ ਹਨ ਤੇ ਇਨ੍ਹਾਂ ਵਿਚੋਂ ਕਾਫੀ ਬੱਚਿਆਂ ਦੇ ਮਾਪੇ ਖੁਦ ਸਵੇਰੇ 5 ਵਜੇ ਗੁਰਦਿੱਤ ਦੇ ਘਰ ਵਿੱਚ ਚਲਾਏ ਜਾ ਰਹੇ ਮੁਫ਼ਤ ਟ੍ਰੇਨਿੰਗ ਸਕੂਲ ਵਿੱਚ ਲੈ ਕੇ ਪਹੁੰਚਦੇ ਹਨ।
ਸਭ ਤੋਂ ਅਹਿਮ ਗੱਲ ਇਹ ਦੇਖਣ ਨੂੰ ਇਹ ਮਿਲੀ ਹੈ ਕੇ ਜੋ ਆਰਮੀ ਵਿਚ ਭਰਤੀ ਹੋਣ ਉਪਰੰਤ ਸਖ਼ਤ ਫਿਜ਼ੀਕਲ ਟ੍ਰੇਨਿੰਗ ਦਿਤੀ ਜਾਂਦੀ ਹੈ। ਉਹੀ ਟ੍ਰੇਨਿੰਗ ਗੁਰਦਿੱਤ ਸਿੰਘ ਇਨ੍ਹਾਂ ਸਾਰੇ ਲੜਕੇ-ਲੜਕੀਆਂ ਨੂੰ ਅੱਜ ਕਰਵਾ ਰਿਹਾ ਹੈ। ਇੱਥੇ ਬਸ ਨਹੀਂ ਬੱਚਿਆਂ ਦੀ ਖੁਰਾਕ ਲਈ ਵੀ ਆਪਣੀ ਜੇਬ ਵਿੱਚੋਂ ਗੁਰਦਿੱਤ ਸਿੰਘ ਪੈਸੇ ਖ਼ਰਚ ਕਰਦਾ ਹੈ।
ਇਸ ਮੌਕੇ ਟ੍ਰੇਨਿੰਗ ਲੈਣ ਪਹੁੰਚੇ ਬੱਚਿਆਂ ਨੇ ਦੱਸਿਆ ਕਿ ਅਸੀਂ ਉਸ ਪ੍ਰਮਾਤਮਾ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਅਜਿਹੇ ਇਨਸਾਨ ਅਜਿਹੀ ਸੋਚ ਵਾਲੇ ਧਰਤੀ 'ਤੇ ਭੇਜੇ ਹਨ, ਜਿਨ੍ਹਾਂ ਸਦਕਾ ਅੱਜ ਗਰੀਬ, ਲੋੜਵੰਦ ਬੱਚੇ ਆਪਣਾ ਭਵਿੱਖ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਅਜਿਹੇ ਬਚੇ ਹਨ, ਜੋ ਪੈਸੇ ਨਾ ਹੋਣ ਕਾਰਨ ਫਿਜ਼ੀਕਲ ਟ੍ਰੇਨਿੰਗ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਫੌਜ, ਪੁਲਿਸ ਵਿੱਚ ਭਰਤੀ ਨਹੀਂ ਹੋ ਸਕਦੇ। ਉਹ ਬੱਚੇ ਇਥੋਂ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਹਾਸਲ ਕਰ ਰਹੇ ਹਨ ਅਤੇ ਕਾਫੀ ਆਪਣੀ ਮੰਜ਼ਿਲ 'ਤੇ ਪਹੁੰਚ ਚੁੱਕੇ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਹਨ ਤੇ ਖੁਦ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਤੋਂ ਬਾਅਦ ਇਥੇ ਪਹੁੰਚ ਕੇ ਉਹ ਫਿਜ਼ੀਕਲ ਟ੍ਰੇਨਿੰਗ ਕਰਦੇ ਹਨ, ਤਾਂ ਜੋ ਉਹ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸਰ ਖੁਦ ਆਪਣੀ ਜੇਬ ਵਿੱਚੋਂ ਉਨ੍ਹਾਂ ਦੀ ਖੁਰਾਕ ਲਈ ਪੈਸੇ ਵੀ ਖ਼ਰਚ ਕਰਦੇ ਹਨ।
ਇਸ ਮੌਕੇ ਇਸ ਉਪਰਾਲੇ ਲਈ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਫੌਜੀ ਗੁਰਦਿੱਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਫੌਜ ਵਿੱਚ ਕਮਾਂਡੋ ਤੋਂ ਇਲਾਵਾ ਅਨੇਕਾਂ ਕਠਿਨ ਕੋਰਸ ਕਰਕੇ ਨੌਕਰੀ ਕਰ ਚੁੱਕੈ ਅਤੇ ਆਰਮੀ ਦੇ ਨੌਜਵਾਨਾਂ ਨੂੰ ਵੀ ਪੀਟੀ ਦੀ ਟ੍ਰੇਨਿੰਗ ਕਰਵਾਉਂਦਾ ਰਿਹਾ। ਨੌਕਰੀ ਦੌਰਾਨ 2009 ਤੋਂ ਜਦੋਂ ਛੁੱਟੀ ਆਉਣਾ ਬੱਚਿਆਂ ਨੂੰ ਟ੍ਰੇਨਿੰਗ ਲਈ ਸਮਾਂ ਕੱਢਦਾ ਸੀ ਅਤੇ 2013 ਵਿੱਚ ਸੇਵਾਮੁਕਤ ਹੋਣ ਉਪਰੰਤ ਖੁੱਲਾ ਸਮਾਂ ਕੱਢ ਕੇ ਇਨ੍ਹਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਖੁਦ ਪ੍ਰਾਈਵੇਟ ਸਕਿਊਰਟੀ ਦੇ ਤੌਰ 'ਤੇ ਬੈਂਕ ਵਿੱਚ ਨੌਕਰੀ ਵੀ ਕਰਦਾ ਹੈ ਤੇ ਹੁਣ ਆਪਣੇ ਘਰ ਵਿੱਚ ਬਤੌਰ ਫਿਜ਼ੀਕਲ ਟ੍ਰੇਨਿੰਗ ਕਰਵਾ ਰਿਹਾ।
ਹੁਣ ਤਕ ਹਜਾਰਾਂ ਬੱਚਿਆਂ ਨੂੰ ਟ੍ਰੇਨਿੰਗ ਕਰਵਾ ਚੁੱਕਾ, ਜਿਨ੍ਹਾਂ ਵਿਚੋਂ 600 ਕਰੀਬ ਬੱਚੇ ਭਰਤੀ ਵੀ ਹੋ ਚੁੱਕੇ ਹਨ। ਬਹੁਤ ਦੂਰ ਦੂਰ ਤੋਂ ਬੱਚੇ ਟ੍ਰੇਨਿੰਗ ਲਈ ਆਉਂਦੇ ਹਨ। ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਨੇ ਉਸ ਵੱਲੋਂ ਆਪਣੀ ਜੇਬ ਵਿਚੋਂ ਇਨ੍ਹਾਂ ਬੱਚਿਆਂ ਦੀ ਡਾਇਟ ਲਈ ਵੀ ਖ਼ਰਚ ਕੀਤਾ ਜਾਂਦਾ ਹੈ, ਟ੍ਰੇਨਿੰਗ ਦੇ ਪੈਸੇ ਲੈਣੇ ਬਹੁਤ ਦੂਰ ਦੀ ਗੱਲ ਹੈ।
ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਹੋਈ ਲੀਕ, ਇਲਾਕੇ ਵਿੱਚ ਸਹਿਮ ਦਾ ਮਾਹੌਲ