ਫਰੀਦਕੋਟ: ਬੀਤੇ ਕਰੀਬ 5 ਮਹੀਨਿਆਂ ਤੋਂ ਸ਼ਹਿਰ ਵਿਚ ਸਫਾਈ ਕਰਮਚਾਰੀ ਬਿੰਨਾ ਤਨਖਾਹ ਤੋਂ ਕੰਮ ਕਰਨ ਲਈ ਮਜਬੂਰ ਹੋਏ ਹਨ , ਪਰ ਹੁਣ ਪ੍ਰੇਸ਼ਾਨੀਆਂ ਝੱਲ ਰਹੇ ਮੁਲਾਜ਼ਮਾਂ ਨੇ ਅਖੀਰ ਆਵਾਜ਼ ਬੁਲੰਦ ਕੀਤੀ ਹੈ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡਰਾਇਵਰਾਂ, ਹੈਲਪਰਾਂ ਅਤੇ ਫਾਇਰ ਬ੍ਰਗੇਡ ਕਰਮਚਾਰੀਆਂ ਨੇ ਮਿਲ ਕੇ ਫਰੀਦਕੋਟ ਦੇ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਦਿੱਤਾ। ਕਰਮਚਾਰੀਆਂ ਨੇ ਕਿਹਾ ਕਿ ਤਨਖਾਹਾਂ ਨਾਂ ਦਿੱਤੇ ਜਾਣ ਦੇ ਵਿਰੋਧ ਵਿਚ ਅੱਜ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਨਗਰ ਕੌਂਸਲ ਫਰੀਦਕੋਟ ਦੇ ਦਫਤਰ ਬਾਹਰ ਧਰਨਾਂ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਮੁਲਾਜਮਾਂ ਮੰਗ ਕਰ ਰਹੇ ਸਨ, ਕਿ ਨਗਰ ਕੌਂਸਲ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਕਰੇ ਅਤੇ ਹੋਰ ਹੱਕੀ ਮੰਗਾਂ ਜਿੰਨਾਂ ਵਿਚ ਮੁਲਾਜਮਾਂ ਨੂੰ ਰੈਗੂਲਰ ਕਰਨਾਂ ਅਤੇ ਤਨਖਾਹਾਂ ਵਿਚ ਵਾਧਾ ਕਰਨਾਂ ਆਦਿ 'ਤੇ ਧਿਆਨ ਦਿੱਤਾ ਜਾਵੇ।
ਇਹ ਵੀ ਪੜ੍ਹੋ : Wrestlers Protest: ਵਿਨੇਸ਼ ਫੋਗਾਟ ਨੇ ਰੋਂਦੇ ਹੋਏ ਕਿਹਾ- ਕੀ ਅਸੀਂ ਇਹ ਦਿਨ ਦੇਖਣ ਲਈ ਮੈਡਲ ਲਿਆਂਦੇ ?
ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਨਗਰ ਕੌਸਲ ਫਰੀਦਕੋਟ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਜੋ ਕੂੜਾ ਚੁੱਕਣ ਵਾਲੀਆਂ ਗੱਡੀਆਂ ਤੇ ਹੈਲਪਰ ਅਤੇ ਡਰਾਇਵਰ ਲੱਗੇ ਹਨ। ਉਹਨਾਂ ਨੂੰ ਤਨਖਾਹ ਨਹੀਂ ਮਿਲੀ, ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਫਾਇਰ ਕਰਮਚਾਰੀਆਂ ਨੂੰ ਵੀ ਬੀਤੇ ਕਰੀਬ 3 ਮਹੀਨਿਆ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਮੁਲਾਜਮਾਂ ਦੇ ਘਰਾਂ ਦਾ ਗੁਜਾਰਾ ਮੁਸ਼ਕਿਲ ਹੋਇਆ ਪਿਆ।
ਤਨਖਾਹਾਂ ਨਾ ਮਿਲਣ 'ਤੇ ਪ੍ਰੇਸ਼ਾਨ ਮੁਲਾਜ਼ਮ : ਉਹਨਾਂ ਦੱਸਿਆ ਕਿ ਇਹਨਾਂ ਮੰਗਾਂ ਦੇ ਨਾਲ ਨਾਲ ਸਫਾਈ ਕਰਮਚਾਰੀ ਜੋ ਕੱਚੇ ਹਨ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਨਗਰ ਕੌਂਸਲ ਫਰੀਦਕੋਟ ਦੇ ਦਫਤਰ ਬਾਹਰ ਧਰਨਾਂ ਦਿੱਤਾ ਗਿਆ ਹੈ। ਕੰਮ ਤੋਂ ਹੜਤਾਲ ਕੀਤੀ ਗਈ ਹੈ ਅਤੇ ਇਹ ਹੜਤਾਲ ਅਤੇ ਧਰਨਾਂ ਉਨਾਂ ਚਿਰ ਜਾਰੀ ਰਹੇਗਾ ਜਿੰਨਾਂ ਤੱਕ ਉਹਨਾਂ ਦੀਆ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ। ਉਹਨਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਮੁਲਾਜਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੇ, ਇਸੇ ਲਈ ਉਹਨਾਂ ਨੂੰ ਅੱਜ ਮਜਬੂਰੀ ਵੱਸ ਇਹ ਧਰਨਾਂ ਲਗਾਉਣਾਂ ਪਿਆ। ਉਹਨਾਂ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਵੇ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰ ਕੇ ਤਨਖਾਹਾਂ ਵਧਾਵੇ ਤਾਂ ਜੋ ਸਫਾਈ ਕਰਮਚਾਰੀ ਵੀ ਆਪਣਾ ਚੰਗਾ ਜੀਵਨ ਜੀਅ ਸਕਣ।
ਅਫਸਰਾਂ ਨੇ ਦਿੱਤੀ ਸਫਾਈ : ਇਸ ਪੂਰੇ ਮਾਮਲੇ ਸੰਬੰਧੀ ਜਦ ਨਗਰ ਕੌਂਸਲ ਫਰੀਦਕੋਟ ਦੇ ਕਾਰਜ ਸਾਧਕ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਡਰਾਇਵਰ ਅਤੇ ਹੇਲਪਰ ਸਨ ਉਹਨਾਂ ਦਾ ਠੇਕਾ ਖਤਮ ਹੋ ਗਿਆ ਸੀ ਅਤੇ ਉਹਨਾਂ ਦਾ ਠੇਕਾ ਮੁੜ ਵਧਾਉਣ ਲਈ ਮਤਾ ਪਾਇਆ ਗਿਆ ਸੀ। ਜੋ ਪਾਸ ਹੋ ਗਿਆ ਹੈ ਅਤੇ ਉਹਨਾਂ ਦੀਆਂ ਤਨਖਾਹਾਂ ਅੱਜ ਜਾਰੀ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨਾਲ ਹੀ ਦੱਸਿਆ ਕਿ ਫਾਇਰ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਹੈ।